ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 6 ਸਤੰਬਰ
ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਦਾ 361ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਤਪ ਅਸਥਾਨ ਸਾਹਿਬ ਵਿਖੇ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀਆਂ ਹਰਜੋਤ ਸਿੰਘ ਬੈਂਸ ਅਤੇ ਹਰਭਜਨ ਸਿੰਘ ਈਟੀਓ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਤਰਨਜੀਤ ਸਿੰਘ ਵਾਲੀਆ, ਹਰਜੀਤ ਸਿੰਘ, ਗੁਰਅਵਤਾਰ ਸਿੰਘ ਚੰਨ, ਸ਼ੰਮੀ ਬਰਾਰੀ, ਹੀਰਾ ਸਿੰਘ ਆਦਿ ਹਾਜ਼ਰ ਸਨ। ਗੁਰਦੁਆਰੇ ਦੇ ਮੁੱਖ ਪ੍ਰਬੰਧਕ ਬਾਬਾ ਤੀਰਥ ਸਿੰਘ ਅਤੇ ਉੱਪ ਪ੍ਰਬੰਧਕ ਅਮਨਦੀਪ ਸਿੰਘ ਵੱਲੋਂ ਮੰਤਰੀਆਂ ਸ੍ਰੀ ਬੈਂਸ ਅਤੇ ਸ੍ਰੀ ਈਟੀਓ ਦਾ ਸਿਰਾਪਾਓ ਪਾ ਕੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਰ ਸਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਦਾ ਜਨਮ ਦਿਹਾੜਾ ਗੁਰਦੁਆਰਾ ਤਪ ਅਸਥਾਨ ਸਾਹਿਬ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਮੰਤਰੀ ਸ੍ਰੀ ਬੈਂਸ ਨੇ ਕਿਹਾ ਕਿ ਭਾਈ ਜੈਤਾ ਜੀ ਨੇ ਅਨੋਖੀ ਮਿਸਾਲ ਕਾਇਮ ਕੀਤੀ। ਉਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਚਾਂਦਨੀ ਚੌਕ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਸਨ। ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਲਾਇਆ ਤੇ ਰੰਘਰੇਟਾ ਗੁਰੂ ਕੇ ਬੇਟਾ ਦੇ ਵਰ ਨਾਲ ਨਿਵਾਜਿਆ।
ਕੈਬਨਿਟ ਮੰਤਰੀ ਸ੍ਰੀ ਈਟੀਓ ਨੇ ਕਿਹਾ ਕਿ ਭਾਈ ਜੈਤਾ ਜੀ ਨੇ ਗੁਰੂ ਸਹਬਿਾਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਗੁਰੂ ਸਹਬਿਾਨ ਦੇ ਨਾਲ ਤਾਕਤਵਰ ਜਰਨੈਲ ਦੀ ਤਰ੍ਹਾਂ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਪਵਿੱਤਰ ਸਥਾਨ ’ਤੇ ਨਤਮਸਤਕ ਹੋ ਕੇ ਅਤੇ ਨਗਰ ਕੀਰਤਨ ਸਿੰਘ ਸ਼ਾਮਲ ਹੋ ਕੇ ਸਕੂਨ ਮਿਲਿਆ ਹੈ।