ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਅਪਰੈਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਅੱਜ ਨਵੇਂ ਸੈਸ਼ਨ ਦਾ ਸਿਲੇਬਸ ਜਾਰੀ ਕਰ ਦਿੱਤਾ ਗਿਆ। ਬੋਰਡ ਨੇ ਇਹ ਸਿਲੇਬਸ ਦੋ ਟਰਮਾਂ ਦੀ ਥਾਂ ਇਕ ਵਾਰ ਦੀ ਪ੍ਰੀਖਿਆ ਅਨੁਸਾਰ ਹੀ ਤਿਆਰ ਕੀਤਾ ਹੈ ਜਿਸ ਨਾਲ ਸਪਸ਼ਟ ਹੋ ਗਿਆ ਹੈ ਕਿ ਅਗਲੇ ਸੈਸ਼ਨ (ਸਾਲ 2023) ਤੋਂ ਟਰਮ-1 ਤੇ ਟਰਮ-2 ਦੀਆਂ ਪ੍ਰੀਖਿਆਵਾਂ ਦੀ ਥਾਂ ਇਕੋ ਵਾਰ ਸਾਲਾਨਾ ਪ੍ਰੀਖਿਆ ਲਈ ਜਾਵੇਗੀ।
ਇਹ ਸਿਲੇਬਸ ਸੀਬੀਐਸਈ ਦੇ ਡਾਇਰੈਕਟਰ ਡਾ. ਜੋਸਫ ਇਮੈਨੁਅਲ ਨੇ ਜਾਰੀ ਕੀਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਈ ਮੁੱਖ ਵਿਸ਼ਿਆਂ ਦੇ ਕਈ ਚੈਪਟਰ ਹਟਾਏ ਗਏ ਹਨ ਤੇ ਇਹ ਸਿਲੇਬਸ ਸਾਲਾਨਾ ਪ੍ਰੀਖਿਆਵਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਮੁਹਾਲੀ ਬੋਰਡ ਨੇ ਇਕ ਅਧਿਕਾਰੀ ਨੇ ਦੱਸਿਆ ਕਿ ਬੋਰਡ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਸਾਲ ਵਿਚ ਇਕ ਵਾਰ ਹੀ ਪ੍ਰੀਖਿਆ ਲਈ ਜਾਵੇਗੀ ਤੇ ਕਰੋਨਾ ਕਾਰਨ ਅਪਣਾਈ ਟਰਮਾਂ ਦੀ ਪ੍ਰੀਖਿਆ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿਲੇਬਸ ਵਿਚ ਕਈ ਬਦਲਾਅ ਕੀਤੇ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ 30 ਫੀਸਦੀ ਦੇ ਕਰੀਬ ਸਿਲੇਬਸ ਵਿਚ ਬਦਲਾਅ ਕੀਤਾ ਗਿਆ ਹੈ। ਕਈ ਮੁੱਖ ਵਿਸ਼ਿਆਂ ਦੇ ਚੈਪਟਰ ਤੇ ਯੂਨਿਟ ਹਟਾਏ ਗਏ ਹਨ ਤੇ ਕਈ ਯੂਨਿਟਾਂ ਨੂੰ ਵਧਾਇਆ ਗਿਆ ਹੈ। ਦੱਸਣਾ ਬਣਦਾ ਹੈ ਕਿ ਸੀਬੀਐੱਸਈ ਨਿਯਮਾਂ ਅਨੁਸਾਰ ਬੋਰਡ ਵੱਲੋਂ ਹਰ ਵਾਰ ਮਾਰਚ ਮਹੀਨੇ ਦੇ ਤੀਜੇ ਹਫ਼ਤੇ ਤੱਕ ਸਿਲੇਬਸ ਜਾਰੀ ਕਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਸਿਲੇਬਸ ਦੇਰ ਨਾਲ ਜਾਰੀ ਕੀਤਾ ਗਿਆ ਹੈ। ਬੋਰਡ ਨੇ ਨਵੇਂ ਸੈਸ਼ਨ ਦਾ ਸਿਲੇਬਸ ਆਪਣੀ ਵੈਬਸਾਈਟ ’ਤੇ ਜਾਰੀ ਕਰ ਦਿੱਤਾ ਹੈ ਪਰ ਇਸ ਵਿਚ ਪੰਜਾਬੀ ਭਾਸ਼ਾ ਦਾ ਸਿਲੇਬਸ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਕਈ ਹੋਰ ਖੇਤਰੀ ਭਾਸ਼ਾਵਾਂ ਦਾ ਵੀ ਸਿਲੇਬਸ ਜਾਰੀ ਨਹੀਂ ਹੋਇਆ। ਮੁਹਾਲੀ ਸੀਬੀਐਸਈ ਦੇ ਅਧਿਕਾਰੀ ਅਨੁਸਾਰ ਕੁਝ ਤਕਨੀਕੀ ਕਾਰਨਾਂ ਕਰ ਕੇ ਕਈ ਖੇਤਰੀ ਭਾਸ਼ਾਵਾਂ ਦਾ ਸਿਲੇਬਸ ਸਾਲ ਵਿਚ ਇਕ ਵਾਰ ਪ੍ਰੀਖਿਆ ਅਨੁਸਾਰ ਤਿਆਰ ਨਹੀਂ ਹੋਇਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪੰਜਾਬੀ ਦੇ ਸਿਲੇਬਸ ਨੂੰ ਨਵੇਂ ਸੈਸ਼ਨ ਲਈ ਤਿਆਰ ਕਰਨ ਲਈ ਮਾਹਿਰਾਂ ਨੂੰ ਕਿਹਾ ਗਿਆ ਹੈ ਤੇ ਆਉਂਦੇ ਤਿੰਨ ਚਾਰ ਦਿਨਾਂ ਵਿਚ ਇਨ੍ਹਾਂ ਦਾ ਸਿਲੇਬਸ ਜਾਰੀ ਕਰ ਦਿੱਤਾ ਜਾਵੇਗਾ।
ਪੰਜਾਬੀ ਭਾਸ਼ਾ ਨੂੰ ਹਟਾਉਣ ਬਾਰੇ ਸੋਸ਼ਲ ਮੀਡੀਆ ’ਤੇ ਅਫਵਾਹ
ਸੋਸ਼ਲ ਮੀਡੀਆ ’ਤੇ ਇਹ ਖਬਰ ਵੀ ਤੇਜ਼ੀ ਨਾਲ ਫੈਲੀ ਕਿ ਪੰਜਾਬੀ ਭਾਸ਼ਾ ਨੂੰ ਸਿਲੇਬਸ ਵਿਚੋਂ ਹਟਾ ਦਿੱਤਾ ਗਿਆ ਹੈ। ਅੱਜ ਪੰਜਾਬੀ ਦੇ ਕਈ ਅਧਿਆਪਕ ਇਸ ਮਾਮਲੇ ਬਾਰੇ ਚਰਚਾ ਕਰਦੇ ਰਹੇ ਪਰ ਬਾਅਦ ਵਿਚ ਬੋਰਡ ਨੇ ਸਪਸ਼ਟ ਕੀਤਾ ਕਿ ਸਿਰਫ ਤਕਨੀਕੀ ਤੇ ਕੁਝ ਹੋਰ ਸਮੱਸਿਆ ਕਰ ਕੇ ਇਹ ਸਿਲੇਬਸ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬੀ ਦਾ ਸਿਲੇਬਸ 25 ਜਾਂ 26 ਅਪਰੈਲ ਨੂੰ ਜਾਰੀ ਹੋਵੇਗਾ।