ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੁਲਾਈ
ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਪੁਲੀਸ ਵੱਲੋਂ ਅਤਿਵਾਦੀ ਕਹਿ ਕੇ ਚੁੱਕੇ ਨੌਜਵਾਨ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਖਿਆ ਕਿ ਉਹ ਇਸ ਨੌਜਵਾਨ ਦੇ ਬੇਕਸੂਰ ਹੋਣ ਦੀ ਕਾਨੂੰਨੀ ਲੜਾਈ ਲੜਨਗੇ ਤੇ ਸਰਕਾਰਾਂ ਦੀ ਧੱਕੇਸ਼ਾਹੀ ਦਾ ਜਵਾਬ ਦੇਣਗੇ।
ਸ੍ਰੀ ਖਹਿਰਾ ਅੱਜ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਵਿਧਾਇਕ ਨਿਰਮਲ ਸਿੰਘ ਖਾਲਸਾ ਭਦੌੜ ਨਾਲ ਮਾਨਸਾ ਸਥਿਤ ਗੁਰਤੇਜ ਸਿੰਘ ਦੇ ਘਰ ਪੁੱਜੇ। ਉਨ੍ਹਾਂ ਪਰਿਵਾਰ ਦਾ ਹਾਲ-ਚਾਲ ਪੁੱਛਿਆ ਤੇ ਆਖਿਆ ਕਿ ਗੁਰਤੇਜ ਸਿੰਘ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਹੈ, ਉਸ ਨੂੰ ਦਿੱਲੀ ਪੁਲੀਸ ਨੇ ਅਤਿਵਾਦੀ ਕਹਿ ਕੇ ਫਸਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਅਜਿਹੇ 16 ਨੌਜਵਾਨਾਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕੀਤੇ ਗਏ ਹਨ, ਜਦੋਂਕਿ ਦੂਜੇ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਖਾਲਿਸਤਾਨ ਗਤੀਵਿਧੀ ਵਾਲੀ ਕੋਈ ਵੀ ਗੱਲ ਨਹੀਂ ਹੈ। ਸ੍ਰੀ ਖਹਿਰਾ ਨੇ ਆਖਿਆ ਕਿ ਮਾਨਸਾ ਤੋਂ ਗੁਰਤੇਜ ਸਿੰਘ ਤੇ ਪਿੰਡ ਅਚਾਨਕ ਤੋਂ ਇੱਕ ਸਿੱਖ ਨੌਜਵਾਨ ਸਮੇਤ ਹੋਰਨਾਂ ਨੂੰ ਝੂਠੇ ਮਾਮਲਿਆਂ ਦੀ ਫਸਾ ਕੇ ਜੇਲ੍ਹਾਂ ’ਚ ਸੁੱਟਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਜਸਟਿਸ ਮਹਿਤਾਬ ਸਿੰਘ ਤੋਂ ਕਰਵਾਈ ਜਾਵੇ, ਜਿਸ ਤੋਂ ਸਭ ਕੁਝ ਸਪੱਸ਼ਟ ਹੋ ਜਾਵੇਗਾ। ਸ੍ਰੀ ਖਹਿਰਾ ਨੇ ਆਖਿਆ ਕਿ ਮਾਨਸਾ ਤੋਂ ਗੁਰਤੇਜ ਸਿੰਘ ਨੂੰ 24 ਜੂਨ ਨੂੰ ਉਸ ਵੇਲੇ ਚੁੱਕਿਆ ਸੀ, ਜਦੋਂ ਉਹ ਆਪਣੀ ਪਤਨੀ ਨੂੰ ਦਵਾਈ ਦਿਵਾ ਕੇ ਘਰ ਪਰਤ ਰਿਹਾ ਸੀ ਪਰ ਉਸ ਦੀ ਗ੍ਰਿਫ਼ਤਾਰੀ ਦਿੱਲੀ ਤੋਂ ਦਿਖਾ ਕੇ ਇਹ ਇਹ ਸੰਕੇਤ ਦਿੱਤਾ ਹੈ ਕਿ ਗੁਰਤੇਜ ਸਿੰਘ ਖਾਲਿਸਤਾਨੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੈ ਤੇ ਉਸ ਨੇ ਕੁਝ ਨੇਤਾਵਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ।
ਯੂਏਪੀਏ ਦਾ ਵਿਰੋਧ
ਅੰਮ੍ਰਿਤਸਰ (ਪੱਤਰ ਪ੍ਰੇਰਕ): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਸਹਿਯੋਗੀ ਜਥੇਬੰਦੀਆਂ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਯੂਏਪੀਏ ਲਾ ਕੇ ਸਿੱਖ ਨੌਜਵਾਨਾਂ ਉਪਰ ਜਬਰ ਜ਼ੁਲਮ ਢਾਹੁਣ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਦਿੱਲੀ ਤੇ ਪੰਜਾਬ ਸਰਕਾਰਾਂ ਕਾਲੇ ਕਾਨੂੰਨਾਂ ਦਾ ਸਹਾਰਾ ਲੈ ਕੇ ਸਿੱਖੀ ਨਾਲ ਦੁਸ਼ਮਣੀ ਕਮਾਉਣੀ ਬੰਦ ਕਰਨ। ਜਥੇਬੰਦੀਆਂ ਨੇ ਕਿਹਾ ਕਿ ਇਸ ਦੇਸ਼ ਵਿੱਚ ਸੀਸਾ, ਟਾਡਾ, ਪੋਟਾ ਵਰਗੇ ਕਾਲੇ ਕਾਨੂੰਨ ਘੱਟ ਗਿਣਤੀਆਂ ਤੇ ਦਲਿਤਾਂ, ਗਰੀਬਾਂ ਨੂੰ ਦਬਾਉਣ ਲਈ ਲਿਆਂਦੇ ਗਏ ਅਤੇ ਹੁਣ ਯੂਏਪੀਏ ਲਿਆ ਕੇ ਹਰ ਸਿੱਖ ਨੂੰ ਅਤਿਵਾਦੀ ਠਹਿਰਾਉਣ ਦਾ ਯਤਨ ਹੋ ਰਿਹਾ ਹੈ।