ਬੀਰਬਲ ਰਿਸ਼ੀ
ਸ਼ੇਰਪੁਰ, 22 ਜੁਲਾਈ
ਪਿੰਡ ਹੇੜੀਕੇ ਵਿਚ ਰਾਖਵੇਂ ਕੋਟੇ ਦੀ ਸੱਤ ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਨੇਪਰੇ ਚੜ੍ਹਾਉਣ ਲਈ ਪੱਬਾਂ ਭਾਰ ਹੋਏ ਪ੍ਰਸ਼ਾਸਨ ਨੇ ਭਾਵੇਂ ਕਿ 2.35 ਲੱਖ ਰੁਪਏ ਵਿੱਚ ਬੋਲੀ ਜਸਪ੍ਰੀਤ ਸਿੰਘ ਦੇ ਨਾਮ ਕਰਵਾ ਦਿੱਤੀ ਪਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇਸ ਬੋਲੀ ਨੂੰ ਡੰਮੀ ਕਰਾਰ ਦਿੰਦਿਆਂ ਰਾਖਵੇਂ ਕੋਟੇ ਵਾਲੀ ਜ਼ਮੀਨ ਵਿੱਚ ਤੰਬੂ ਗੱਡ ਕੇ ਸੂਹਾ ਝੰਡਾ ਚੜ੍ਹਾ ਦਿੱਤਾ, ਜਿਸ ਮਗਰੋਂ ਪਿੰਡ ਦਾ ਮਾਹੌਲ ਹਾਲੇ ਵੀ ਤਣਾਅਪੂਰਵਕ ਬਣਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀਆਂ ਕਈ ਬੋਲੀਆਂ ਉੱਪਰੋ-ਥਲੀ ਰੱਦ ਹੋਣ ਕਾਰਨ ਅੱਜ ਡੀਐੱਸਪੀ ਪਰਮਜੀਤ ਸਿੰਘ ਅਤੇ ਐੱਸਐੱਚਓ ਬਲਵੰਤ ਸਿੰਘ ਦੀ ਸਾਂਝੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਸਵੇਰੇ ਹੀ ਪਿੰਡ ਵਿਚ ਪਹੁੰਚ ਗਈ। ਬੋਲੀ ਦੇਣ ਲਈ ਸਿਰਫ ਸਕਿਓਰਟੀ ਭਰਨ ਵਾਲੇ ਦਲਿਤ ਪਰਿਵਾਰ ਨਾਲ ਸਬੰਧਤ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਸੀ। ਬੀਡੀਪੀਓ ਜੁਗਰਾਜ ਸਿੰਘ ਦੀ ਟੀਮ ਨੇ ਬੋਲੀ ਦੀ ਪ੍ਰਕਿਰਿਆ ਹਾਲੇ ਸ਼ੁਰੂ ਹੀ ਕਰਵਾਈ ਸੀ ਕਿ ਅੰਦਰ ਕਾਫ਼ੀ ਰੌਲਾ ਪੈ ਗਿਆ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੂੰ ਪੁਲੀਸ ਨੇ ਬਾਹਰ ਕੱਢ ਦਿੱਤਾ। ਜ਼ੈੱਡਪੀਐੱਸਸੀ ਦੇ ਕਾਰਕੁਨਾਂ ਨੇ ਗੁੱਸੇ ਵਿੱਚ ਆ ਕੇ ਪੰਚਾਇਤ ਵਿਭਾਗ ਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬੀਡੀਪੀਓ ਜੁਗਰਾਜ ਸਿੰਘ ਬੋਲੀ ਕਰਵਾ ਕੇ ਵਾਪਸ ਪਰਤਣ ਲੱਗੇ ਤਾਂ ਭੀੜ ’ਚੋਂ ਕਿਸੇ ਨੇ ਗੱਡੀ ’ਤੇ ਹਮਲਾ ਕਰ ਕੀਤਾ। ਇਸ ਦੌਰਾਨ ਗੱਡੀ ਨੁਕਸਾਨ ਹੋਇਆ।
ਇਸ ਦੌਰਾਨ ਮੁਜ਼ਾਹਰਾਕਾਰੀਆਂ ਤੇ ਪੁਲੀਸ ਵਿਚਾਲੇ ਵੀ ਹਲਕੀ ਧੱਕਾ-ਮੁੱਕੀ ਹੋਈ ਅਤੇ ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਹੇਠ ਪੰਚਾਇਤ ਦੀ ਸਬੰਧਤ ਜ਼ਮੀਨ ’ਤੇ ਕਾਰਕੁਨਾਂ ਨੇ ਪੱਕਾ ਤੰਬੂ ਲਗਾ ਲਿਆ ਅਤੇ ਸੂਹਾ ਝੰਡਾ ਲਹਿਰਾ ਦਿੱਤਾ। ਜ਼ੈੱਡੀਪੀਐੱਸਸੀ ਦੇ ਕਨਵੀਨਰ ਮੁਕੇਸ਼ ਮਲੌਦ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਧੱਕੇ ਨਾਲ ਫਸਲ ਬਿਜਾਈ ਤਾਂ ਫਸਲ ਨਸ਼ਟ ਕੀਤੀ ਜਾਵੇਗੀ। ਬੀਡੀਪੀਓ ਜੁਗਰਾਜ ਸਿੰਘ ਨੇ ਗੱਡੀ ’ਤੇ ਹਮਲੇ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਕਿਸੇ ਵਿਰੁੱਧ ਕੋਈ ਸ਼ਿਕਾਇਤ ਦਰਜ਼ ਨਹੀਂ ਕਰਵਾਈ। ਐੱਸਐੱਚਓ ਬਲਵੰਤ ਸਿੰਘ ਨੇ ਪੁਲੀਸ ਵੱਲੋਂ ਜ਼ੈੱਡਪੀਐੱਸਸੀ ਕਾਰਕੁਨਾਂ ਦੇ ਧੱਕੇ ਮਾਰਨ ਤੇ ਸਕਿਓਰਟੀ ਦੀ ਰਕਮ ਬਾਹਰ ਸੁੱਟਣ ਦੇ ਦੋਸ਼ਾਂ ਨੂੰ ਨਕਾਰਿਆਂ ਕਿਹਾ ਕਿ ਸਾਰੀ ਕਾਰਵਾਈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੋਈ ਹੈ।