ਹਰਜੀਤ ਸਿੰਘ
ਡੇਰਾਬੱਸੀ, 14 ਜੁਲਾਈ
ਇਥੋਂ ਦੇ ਪਿੰਡ ਭਾਂਖਰਪੁਰ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਲੰਘੀ ਸ਼ਾਮ ਆਨਲਾਈਨ ਸਤਿਸੰਗ ਸ਼ੁਰੂ ਹੋਇਆ। ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਮਾਮਲਾ ਵਿਗੜਦਾ ਦੇਖ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਤਿਸੰਗ ਬੰਦ ਕਰਵਾ ਕੇ ਮਾਹੌਲ ਸ਼ਾਂਤ ਕਰਵਾਇਆ।
ਜਾਣਕਾਰੀ ਅਨੁਸਾਰ ਗੁਰਮੀਤ ਰਾਮ ਰਹੀਮ ਨੇ ਸਾਰੇ ਸਤਿਸੰਗ ਭਵਨਾਂ ਵਿੱਚ ਲਾਈਵ ਸਤਿਸੰਗ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਚਲਦਿਆਂ ਪਿੰਡ ਭਾਂਖਰਪੁਰ ਸਥਿਤ ਡੇਰਾ ਸਿਰਸਾ ਸਤਿਸੰਗ ਭਵਨ ਵਿੱਚ ਵੱਡੀ ਗਿਣਤੀ ਡੇਰਾ ਪ੍ਰੇਮੀ ਇਕੱਤਰ ਹੋਏ। ਸਤਿਸੰਗ ਸ਼ੁਰੂ ਹੋਣ ਮਗਰੋਂ ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਲੋਕਾਂ ਨੇ ਸਤਿਸੰਗ ਬੰਦ ਕਰਵਾਉਣ ਲਈ ਨਾਮ ਚਰਚਾ ਭਵਨ ਬਾਹਰ ਧਰਨਾ ਲਾ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਡੀਐਸਪੀ. ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਜਸਕੰਵਲ ਸਿੰਘ ਅਤੇ ਮੁਬਾਰਿਕਪੁਰ ਚੌਕੀ ਇੰਚਾਰਜ ਕੁਲਵੰਤ ਸਿੰਘ ਮੌਕੇ ’ਤੇ ਪਹੁੰਚੇ। ਪੁਲੀਸ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਤਿਸੰਗ ਬੰਦ ਕਰਵਾਉਣ ਦੀ ਮੰਗ ’ਤੇ ਅੜੇ ਰਹੇ। ਸਥਿਤੀ ਤਣਾਅਪੂਰਨ ਹੁੰਦੀ ਦੇਖ ਪੁਲੀਸ ਅਧਿਕਾਰੀਆਂ ਨੇ ਸਤਿਸੰਗ ਬੰਦ ਕਰਵਾ ਕੇ ਭਵਨ ਖਾਲੀ ਕਰਵਾ ਦਿੱਤਾ। ਇਸ ਮਗਰੋਂ ਪਿੰਡ ਦੇ ਲੋਕ ਸ਼ਾਂਤ ਹੋਏ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ, ਡੀਜੀਪੀ ਅਤੇ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਨੂੰ ਟਵੀਟ ਕਰ ਕੇ ਪਿੰਡ ਦਾ ਮਾਹੌਲ ਖ਼ਰਾਬ ਹੋਣ ਤੋਂ ਬਚਾਉਣ ਲਈ ਸਤਿਸੰਗ ਨਾ ਹੋਣ ਦੀ ਅਪੀਲ ਕੀਤੀ ਸੀ ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।
ਡੇਰਾ ਸਲਾਬਤਪੁਰਾ ਵਿੱਚ ਗੁਰੂ ਪੁੰਨਿਆ ਮੌਕੇ ਇਕੱਠ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਡੇਰਾ ਸਿਰਸਾ ਦੇ ਪੰਜਾਬ ਵਿਚਲੇ ਪ੍ਰਮੁੱਖ ਹੈਡਕੁਆਰਟਰ ਡੇਰਾ ਸਲਾਬਤਪੁਰਾ ਵਿਚ ਬੀਤੀ ਦੇਰ ਰਾਤ ਗੁਰੂ ਪੁੰਨਿਆ ਦਾ ਤਿਉਹਾਰ ਡੇਰਾ ਪ੍ਰੇਮੀਆਂ ਵੱਲੋਂ ਮਨਾਇਆ ਗਿਆ। ਇਸ ਮੌਕੇ ਡੇਰਾ ਮੁਖੀ ਨੇ ਇਕੱਤਰ ਹੋਈ ਸੰਗਤ ਨਾਲ ਆਨਲਾਈਨ ਪ੍ਰਵਚਨ ਸਾਂਝੇ ਕੀਤੇ। ਉਨ੍ਹਾਂ ਸੰਗਤ ਨੂੰ ਵੱਡੇ ਸ਼ਹਿਰਾਂ ਦੇ ਹਾਈਵੇਅ ਕਿਨਾਰੇ ਮੋਬਾਈਲ ਪਖਾਨੇ ਸਥਾਪਿਤ ਕਰਨ ਲਈ ਵੀ ਕਿਹਾ। ਇਸ ਮੌਕੇ ਸੰਗਤ ਨੇ ਹੱਥ ਖੜ੍ਹੇ ਕਰਕੇ ਪ੍ਰਣ ਲੈਂਦਿਆਂ ਆਪੋ-ਆਪਣੇ ਖੇਤਰਾਂ ’ਚ ਜਲਦ ਹੀ ਇਸ ’ਤੇ ਕੰਮ ਸ਼ੁਰੂ ਕਰਨ ਦੀ ਹਾਮੀ ਭਰੀ। ਇਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ।