ਗਗਨਦੀਪ ਅਰੋੜਾ
ਲੁਧਿਆਣਾ, 31 ਅਗਸਤ
ਵਿਜੀਲੈਂਸ ਵੱਲੋਂ ਬੁੱਧਵਾਰ ਨੂੰ ਮੁੱਲਾਂਪੁਰ ਇਲਾਕੇ ਵਿੱਚ ਛਾਪਾਮਾਰੀ ਕਰ ਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਨਜ਼ਦੀਕੀ ਮਨਪ੍ਰੀਤ ਈਸੇਵਾਲ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਗਿਆ, ਪਰ ਉਸ ਨੂੰ ਦੇਰ ਸ਼ਾਮ ਨੌਂ ਵਜੇ ਛੱਡ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਲੋੜ ਪੈਣ ’ਤੇ ਉਸ ਨੂੰ ਮੁੜ ਪੁੱਛ-ਪੜਤਾਲ ਲਈ ਸੱਦਿਆ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ ਤੇ ਮੰਤਰੀ ਤੇ ਉਸ ਦੇ ਕਰੀਬੀਆਂ ਵੱਲੋਂ ਪੈਸਿਆਂ ਦਾ ਨਿਵੇਸ਼ ਵੀ ਕਰਵਾਉਂਦਾ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਨਪ੍ਰੀਤ ਨੇ ਪਿਛਲੇ ਡੇਢ ਤੋਂ ਦੋ ਸਾਲਾਂ ਵਿੱਚ ਹੀ ਆਪਣੇ ਤੇ ਆਪਣੇ ਪਰਿਵਾਰ ਵਾਲਿਆਂ ਦੇ ਨਾਂ ’ਤੇ ਲਗਪਗ ਸੌ ਤੋਂ ਵੱਧ ਜਾਇਦਾਦਾਂ ਖਰੀਦੀਆਂ ਹਨ। ਜ਼ਿਕਰਯੋਗ ਹੈ ਕਿ ਦਾਣਾ ਮੰਡੀ ਟਰਾਂਸਸਪੋਟੇਸ਼ਨ ਟੈਂਡਰ ਘੁਟਾਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਤੋਂ ਹੀ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਕਈ ਕਾਂਗਰਸੀ ਵਿਜੀਲੈਂਸ ਦੀ ਰਾਡਾਰ ’ਤੇ ਹਨ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੁੜ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜਣ ਮਗਰੋਂ ਤੁਰੰਤ ਵਿਜੀਲੈਂਸ ਦੀ ਟੀਮ ਨੇ ਮਨਪ੍ਰੀਤ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲੈਲਿਆ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਪੰਜਾਬ ਕਾਂਗਰਸ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਖਾਸਮਖਾਸ ਮਨਪ੍ਰੀਤ ਦੇ ਭਾਰਤ ਭੂਸ਼ਣ ਆਸ਼ੂ ਸਣੇ ਹੋਰਨਾਂ ਲੋਕਾ ਨਾਲ ਸੰਪਰਕ ਸਬੰਧੀ ਪੜਤਾਲ ਕਰ ਰਹੀ ਹੈ। ਇਹ ਵੀ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ’ਚ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ। ਮਨਪ੍ਰੀਤ ਨੂੰ ਹਿਰਾਸਤ ਵਿੱਚ ਲੈਣ ਗਈ ਟੀਮ ਨੇ ਉਸ ਦੇ ਘਰ ਅਤੇ ਦਫ਼ਤਰ ਵਿੱਚ ਛਾਪਾਮਾਰੀ ਕਰਕੇ ਕਈ ਦਸਤਾਵੇਜ਼ ਕਬਜ਼ੇ ਹੇਠ ਲਏ ਹਨ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਮਨਪ੍ਰੀਤ ਰਾਹੀਂ ਨਿਵੇਸ਼ ਕਰਵਾਉਣ ਵਾਲੇ ਕਈ ਕਾਂਗਰਸੀ ਆਗੂਆਂ ਦੇ ਨਾਮ ਸਾਹਮਣੇ ਆ ਸਕਦੇ ਹਨ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਟੈਂਡਰ ਘੁਟਾਲੇ ਦੇ ਮਾਮਲੇ ’ਚ ਹੀ ਮਨਪ੍ਰੀਤ ਨੂੰ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਚੱਲ ਰਹੀ ਹੈ। ਉਹ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ ਤੇ ਹਾਲੇ ਤੱਕ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਮਨਪ੍ਰੀਤ ਨੇ ਆਪਣੇ ਅਤੇ ਪਤਨੀ ਸਮੇਤ ਪਰਿਵਾਰ ਵਾਲਿਆਂ ਦੇ ਨਾਮ ’ਤੇ ਇੱਕ ਤੋਂ ਡੇਢ ਸਾਲ ’ਚ 100 ਦੇ ਕਰੀਬ ਪ੍ਰਾਪਰਟੀਆਂ ਖਰੀਦੀਆਂ ਹਨ।
ਇਹ ਸਭ ਸਿਆਸੀ ਰੰਜਿਸ਼ ਤਹਿਤ ਕੀਤਾ ਜਾ ਰਿਹੈ: ਕੈਪਟਨ ਸੰਧੂ
ਕੈਪਟਨ ਸੰਦੀਪ ਸੰਧੂ ਦਾ ਕਹਿਣਾ ਹੈ ਕਿ ਸਿਆਸੀ ਰੰਜਿਸ਼ ਕਾਰਨ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਉਨ੍ਹਾਂ ਦਾ ਬਲਾਕ ਪ੍ਰਧਾਨ ਰਿਹਾ ਹੈ ਤੇ ਉਹ ਪ੍ਰਾਪਰਟੀ ਕਾਰੋਬਾਰੀ ਹੈ। ਬਾਕੀ ਵਿਜੀਲੈਂਸ ਆਪਣੀ ਜਾਂਚ ਕਰ ਰਹੀ ਹੈ। ਉਨ੍ਹਾਂ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ।
ਬਰਖ਼ਾਸਤ ਡੀਐੱਸਪੀ ਨੇ ਬਿੱਟੂ ਖ਼ਿਲਾਫ਼ ਮੋਰਚਾ ਖੋਲ੍ਹਿਆ
ਲੁਧਿਆਣਾ (ਟਨਸ): ਇੱਥੇ ਅੱਜ ਬਰਖਾਸਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਦੀ ਟੀਮ 22 ਅਗਸਤ ਨੂੰ ਜਦੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰਨ ਲਈ ਸੈਲੂਨ ਵਿੱਚ ਗਈ ਸੀ ਤਾਂ ਉਥੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਪੁੱਜ ਗਏ ਸਨ। ਇਸ ਦੌਰਾਨ ਉਨ੍ਹਾਂ ਵਿਜੀਲੈਂਸ ਅਧਿਕਾਰੀਆਂ ਨਾਲ ਬਹਿਸ ਸ਼ੁਰੂ ਕਰ ਦਿੱਤੀ ਤੇ ਗਲਤ ਸ਼ਬਦਾਵਲੀ ਵਰਤਦੇ ਹੋਏ ਉਨ੍ਹਾਂ ਨੂੰ ਚੋਰ ਤੱਕ ਆਖ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਵਿਜੀਲੈਂਸ ਅਧਿਕਾਰੀਆਂ ਨਾਲ ਧੱਕਾ-ਮੁੱਕੀ ਕੀਤੀ ਤੇ ਉਥੋਂ ਜਾਣ ਲਈ ਆਖਿਆ। ਉਸ ਤੋਂ ਬਾਅਦ ਲੋਕ ਸਭਾ ਮੈਂਬਰ ਖ਼ਿਲਾਫ਼ ਵਿਜੀਲੈਂਸ ਨੇ ਪੁਲੀਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਸੀ। ਇਸ ਦੀ ਜਾਂਚ ਜੇਸੀਪੀ ਨਰਿੰਦਰ ਭਾਗਰਵ ਨੂੰ ਮਾਰਕ ਕੀਤੀ ਗਈ। ਇਸ ਵਿੱਚ ਪੁਲੀਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਬਰਖਾਸਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਲੋਕ ਸਭਾ ਮੈਂਬਰ ਬਿੱਟੂ ਨੇ ਸ਼ਰੇਆਮ ਵਿਜੀਲੈਂਸ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਤੇ ਮਾੜੀ ਸ਼ਬਦਾਵਲੀ ਵਰਤੀ ਤੇ ਧੱਕੇ ਮਾਰੇ ਸੀ। ਪਰ ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ ਦੇ ਦੋਸ਼ ਹੇਠ ਸ਼ਿਕਾਇਤ ਦੇਣ ਤੋਂ 9 ਦਿਨ ਬਾਅਦ ਵੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਉਹ ਲੋਕ ਸਭਾ ਮੈਂਬਰ ਬਿੱਟੂ ਦੇ ਖਿਲ਼ਾਫ਼ ਕਾਰਵਾਈ ਕਰਵਾਉਣ ਲਈ ਧਰਨਾ ਨਹੀਂ ਬਲਕਿ ਭੁੱਖ ਹੜਤਾਲ ’ਤੇ ਬੈਠਣਗੇ। ਆਉਣ ਵਾਲੇ 1-2 ਦਿਨਾਂ ਵਿੱਚ ਉਹ ਜ਼ਿਲ੍ਹਾ ਪ੍ਰਸਾਸ਼ਨ ਦਫ਼ਤਰ ਦੇ ਕੋਲ ਭੁੱਖ ਹੜਤਾਲ ’ਤੇ ਬੈਠਣਗੇ। ਉਹ ਭੁੱਖ ਹੜਤਾਲ ਉਦੋਂ ਖਤਮ ਕਰਨਗੇ, ਜਦੋਂ ਪੁਲੀਸ ਬਿੱਟੂ ਖ਼ਿਲਾਫ਼ ਕੇਸ ਦਰਜ ਕਰੇਗੀ।