ਗਗਨਦੀਪ ਅਰੋੜਾ
ਲੁਧਿਆਣਾ, 4 ਸਤੰਬਰ
ਦਾਣਾ ਮੰਡੀ ਟ੍ਰਾਂਸਪੋਟੇਸ਼ਨ ਟੈਂਡਰ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਨੂੰ ਕਾਂਗਰਸੀ ਆਗੂ ਮਨਪ੍ਰੀਤ ਈਸੇਵਾਲ ਸਬੰਧੀ ਮਿਲੀਆਂ ਰਜਿਸਟਰੀਆਂ ਦੀ ਕੀਮਤ 500 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਵਿਜੀਲੈਂਸ ਦੀ ਟੀਮ ਵੱਲੋਂ ਹੁਣ ਨਗਰ ਨਿਗਮ ਤੇ ਤਹਿਸੀਲ ਦਫ਼ਤਰਾਂ ਵਿੱਚ ਇਨ੍ਹਾਂ ਰਜਿਸਟਰੀਆਂ ਦਾ ਰਿਕਾਰਡ ਲੱਭਿਆ ਜਾ ਰਿਹਾ ਹੈ। ਹੁਣ ਤੱਕ ਜਿਨ੍ਹਾਂ ਰਜਿਸਟਰੀਆਂ ਦੇ ਕਾਗਜ਼ ਮਿਲੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕਿਆਂ ਦੀਆਂ ਹਨ। ਜਾਣਕਾਰੀ ਅਨੁਸਾਰ ਮਨਪ੍ਰੀਤ ਕੋਲੋਂ ਮਿਲੇ ਦਸਤਾਵੇਜ਼ਾਂ ਵਿੱਚ ਸਾਊਥ ਸਿਟੀ ਰੋਡ ’ਤੇ ਇੱਕ ਵੱਡੀ ਕਲੋਨੀ ਦੇ ਕਾਗਜ਼ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਈਸੇਵਾਲ ਨੇ ਜੋ ਪ੍ਰਾਪਰਟੀਆਂ ਖਰੀਦੀਆਂ ਤੇ ਵੇਚੀਆਂ ਹਨ, ਉਨ੍ਹਾਂ ਵਿੱਚ ਸ਼ਹਿਰ ਦੇ ਵੱਡੇ ਵੱਡੇ ਕਲੋਨਾਈਜ਼ਰ ਸ਼ਾਮਲ ਹਨ। ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਰਿਮਾਂਡ ਦੇ 8ਵੇਂ ਦਿਨ ਵਿਜੀਲੈਂਸ ਨੇ ਆਪਣੀ ਜਾਂਚ ਮੁੱਲਾਂਪੁਰ ਤੋਂ ਸ਼ੁਰੂ ਕੀਤੀ ਸੀ। ਇੱਥੇ ਵਿਜੀਲੈਂਸ ਦੀ ਟੀਮ ਨੇ ਕੈਪਟਨ ਸੰਧੂ ਦੇ ਨਜ਼ਦੀਕੀ ਪ੍ਰਾਪਰਟੀ ਕਾਰੋਬਾਰੀ ਤੇ ਕਾਂਗਰਸੀ ਆਗੂ ਮਨਪ੍ਰੀਤ ਈਸੇਵਾਲ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਸੀ, ਜਿਸ ਦੇ ਦਫ਼ਤਰ ਵਿੱਚੋਂ ਵਿਜੀਲੈਂਸ ਦੀ ਟੀਮ ਨੂੰ ਸੌ ਤੋਂ ਵੱਧ ਰਜਿਸਟਰੀਆਂ ਦੇ ਕਾਗਜ਼ ਬਰਾਮਦ ਹੋਏ ਸਨ। ਇਸ ਮਗਰੋਂ ਵਿਜੀਲੈਂਸ ਦੀ ਟੀਮ ਹੁਣ ਤੱਕ ਕਈ ਵਾਰ ਮਨਪ੍ਰੀਤ ਕੋਲੋਂ ਪੁੱਛ-ਪੜਤਾਲ ਕਰ ਚੁੱਕੀ ਹੈ। ਵਿਜੀਲੈਂਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਛਲੇ ਡੇਢ ਤੋਂ ਦੋ ਸਾਲਾਂ ਵਿੱਚ ਹੀ ਇੰਨੀਆਂ ਵੱਡੀਆਂ ਪ੍ਰਾਪਰਟੀਆਂ ਮਨਪ੍ਰੀਤ ਨੇ ਕਿਵੇਂ ਤਿਆਰ ਕੀਤੀਆਂ ਹਨ ਤੇ ਇਨ੍ਹਾਂ ਲਈ ਉਸ ਕੋਲ ਪੈਸੇ ਕਿੱਥੋਂ ਆਏ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਨਪ੍ਰੀਤ ਨੇ ਆਪਣੇ ਪਰਿਵਾਰ ਜਾਂ ਰਿਸ਼ਤੇਵਾਰਾਂ ਦੇ ਨਾਂ ’ਤੇ ਕਿੰਨੀਆਂ ਪ੍ਰਾਪਰਟੀਆਂ ਦੀ ਖਰੀਦ ਕੀਤੀ ਹੈ ਤੇ ਹੋਰ ਕਿੰਨੇ ਲੋਕਾਂ ਨੇ ਉਸ ਨਾਲ ਪ੍ਰਾਪਰਟੀਆਂ ਵਿੱਚ ਨਿਵੇਸ਼ ਕੀਤਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੋ ਕਾਗਜ਼ ਹੁਣ ਤੱਕ ਸਾਹਮਣੇ ਆਏ ਹਨ, ਉਨ੍ਹਾਂ ਨਾਲ ਕਈਆਂ ਦੀਆਂ ਪ੍ਰੇਸ਼ਾਨੀਆਂ ਵੱਧ ਸਕਦੀਆਂ ਹਨ। ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਵਿਜੀਲੈਂਸ ਦੀ ਟੀਮ ਮਨਪ੍ਰੀਤ ਕੋਲੋਂ ਮਿਲੀਆਂ ਰਜਿਸਟਰੀਆਂ ਦੀ ਜਾਂਚ ਕਰ ਰਹੀ ਹੈ।
ਵਿਜੀਲੈਂਸ ਦੀ ਆਰਥਿਕ ਸ਼ਾਖਾ ਵੀ ਜਾਂਚ ਵਿੱਚ ਲੱਗੀ
ਮਾਮਲੇ ਨੂੰ ਬਾਰੀਕੀ ਨਾਲ ਘੋਖਣ ਲਈ ਚੰਡੀਗੜ੍ਹ ਵਿਜੀਲੈਂਸ ਦੇ ਇਕਨੌਮਿਕ ਸੈੱਲ ਦੀ ਟੀਮ ਵੀ ਇਸ ਜਾਂਚ ਵਿੱਚ ਲੁਧਿਆਣਾ ਵਿਜੀਲੈਂਸ ਦੀ ਮਦਦ ਕਰ ਰਹੀ ਹੈ। ਵਿਜੀਲੈਂਸ ਦੀ ਆਰਥਿਕ ਸ਼ਾਖਾ ਵੱਲੋਂ ਨਗਰ ਨਿਗਮ ਡੀ ਜ਼ੋਨ ਸਰਾਭਾ ਨਗਰ, ਤਹਿਸੀਲ ਦਫ਼ਤਰ ਮੁੱਲਾਂਪੁਰ, ਸਿੱਧਵਾ ਬੇਟ ਤੇ ਜਗਰਾਉਂ ਵਿੱਚ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ। ਨਾਲ ਹੀ ਲੁਧਿਆਣਾ ਦੀ ਪੱਛਮੀ ਤਹਿਸੀਲ ਤੋਂ ਵੀ ਕਈ ਪ੍ਰਾਪਰਟੀਆਂ ਦਾ ਰਿਕਾਰਡ ਤਲਬ ਕੀਤਾ ਗਿਆ ਹੈ।