ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਪਰੈਲ
ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੇ ਕੌਮੀ ਐਵਾਰਡ ਐਲਾਨ ਦਿੱਤੇ ਹਨ, ਜਿਨ੍ਹਾਂ ਵਿੱਚ ਐਤਕੀ ਪੰਜਾਬ ਦੀਆਂ ਦਸ ਪੰਚਾਇਤਾਂ ਦੀ ਝੋਲੀ ਕੌਮੀ ਪੁਰਸਕਾਰ ਪਏ ਹਨ। ਕੇਂਦਰੀ ਮੰਤਰਾਲੇ ਨੇ ਵਰ੍ਹਾ 2020-21 ਦੇ ਮੁਲਾਂਕਣ ਦੇ ਆਧਾਰ ’ਤੇ ਇਨ੍ਹਾਂ ਪੁਰਸਕਾਰਾਂ ਦੀ ਚੋਣ ਕੀਤੀ ਹੈ। ਐਲਾਨੀ ਸੂਚੀ ਅਨੁਸਾਰ ਕਪੂਰਥਲਾ ਅਤੇ ਮਾਛੀਵਾੜਾ ਬਲਾਕ ਦੀ ਚੋਣ ਵੀ ਕੌਮੀ ਐਵਾਰਡ ਲਈ ਹੋਈ ਹੈ। ਪੰਜਾਬ ਦੇ ਮੌੜ ਅਤੇ ਢਿੱਲਵਾਂ ਬਲਾਕ ਵਿੱਚ ਇੱਕੋ ਸਮੇਂ ਦੋ-ਦੋ ਕੌਮੀ ਐਵਾਰਡ ਝੋਲੀ ਪਏ ਹਨ। ਇਹ ਐਵਾਰਡ ਪੰਚਾਇਤ ਦਿਵਸ ’ਤੇ 24 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੌਂਪੇ ਜਾਣਗੇ।