ਨਿੱਜੀ ਪੱਤਰ ਪ੍ਰੇਰਕ
ਨਾਭਾ, 1 ਅਗਸਤ
ਨਾਭਾ ਰੋਹਟੀ ਪੁਲ ਤੋਂ ਜੌੜੇ ਪੁਲ ਨੂੰ ਬੀੜ ਦੋਸਾਂਝ ਵਿੱਚੋਂ ਜਾਂਦੀ ਸੜਕ ’ਤੇ ਮਰੇ ਹੋਏ ਦਸ ਬਲਦ ਮਿਲੇ ਹਨ। ਇਹ ਬਲਦ ਤਿੰਨ ਕੁ ਕਿਲੋਮੀਟਰ ਦੇ ਫਾਸਲੇ ਵਿੱਚ ਕਈ ਥਾਈਂ ਪਏ ਹੋਏ ਹਨ। ਅੱਜ ਤੜਕਸਾਰ ਲੋਕਾਂ ਨੇ ਇਨ੍ਹਾਂ ਬਾਰੇ ਪਤਾ ਲੱਗਣ ’ਤੇ ਪੁਲੀਸ ਨੂੰ ਸੂਚਿਤ ਕੀਤਾ। ਇਸ ਮੌਕੇ ਪਟਿਆਲਾ ਐੱਸਐੱਸਪੀ ਦੀਪਕ ਪਾਰਿਕ ਨੇ ਵੀ ਮੌਕੇ ਦਾ ਜਾਇਜ਼ਾ ਲਿਆ। ਸ਼ਿਵ ਸੈਨਾ ਬਾਲ ਠਾਕਰੇ ਦੇ ਨਾਭਾ ਦੇ ਪ੍ਰਧਾਨ ਕ੍ਰਿਸ਼ਨ ਪਵਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਕੁਝ ਬਲਦਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਬਾਕੀਆਂ ਨੂੰ ਜੇਸੀਬੀ ਦੀ ਮਦਦ ਨਾਲ ਦਫਨਾ ਦਿੱਤਾ ਗਿਆ ਹੈ। ਬਲਦਾਂ ਦੇ ਕੰਨਾਂ ’ਚ ਟੋਕਨ ਲੱਗੇ ਹੋਏ ਸਨ। ਪੁਲੀਸ ਦਾ ਅੰਦਾਜ਼ਾ ਹੈ ਕਿ ਰਾਤ ਵੇਲੇ ਕੋਈ ਤਸਕਰ ਇਨ੍ਹਾਂ ਬਲਦਾਂ ਨੂੰ ਲੈ ਕੇ ਜਾ ਰਿਹਾ ਹੋਵੇਗਾ ਅਤੇ ਅੱਗੇ ਰੋਹਟੀ ਪੁਲ ਚੌਕੀ ’ਤੇ ਫੜੇ ਜਾਣ ਦੇ ਡਰੋਂ ਇਨ੍ਹਾਂ ਨੂੰ ਸੁੱਟ ਕੇ ਫ਼ਰਾਰ ਹੋ ਗਿਆ ਹੋਵੇਗਾ।