ਰਾਕੇਸ਼ ਸੈਣੀ
ਨੰਗਲ, 12 ਮਈ
ਬੀਬੀਐੱਮਬੀ ਵੱਲੋਂ ਅੱਜ ਸਤਲੁਜ ਦਰਿਆ ਵਿੱਚ ਪਾਣੀ ਛੱਡੇ ਜਾਣ ਕਾਰਨ ਪਿੰਡ ਬਰਾਰੀ ਕੋਲ ਨਵਾਂ ਨੰਗਲ ਨੂੰ ਜਾਣ ਲਈ ਭਾਰੀ ਗੱਡੀਆਂ ਲਈ ਬਣਾਇਆ ਗਿਆ ਆਰਜ਼ੀ ਰਸਤਾ ਬੰਦ ਹੋਣ ਨਾਲ ਵੱਡੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ| ਬੀਬੀਐੱਮਬੀ ਵੱਲੋਂ ਸਤਲੁਜ ਦਰਿਆ ਵਿਚ ਸਵੇਰੇ ਕਰੀਬ 900 ਕਿਊਸਿਕ ਪਾਣੀ ਛੱਡਿਆ ਗਿਆ ਜੋ ਕਿ ਹੌਲ-ਹੌਲੀ ਵਧਾ ਕੇ 1500 ਕਿਊਸਿਕ ਤੱਕ ਕਰ ਦਿੱਤਾ ਗਿਆ | ਸਤੁਲਜ ਦਰਿਆ ਵਿਚ ਤੇਜ਼ ਵਹਾਅ ਕਾਰਨ ਆਰਜ਼ੀ ਪੁਲ ਹੌਲੀ-ਹੌਲੀ ਲਗਪਗ ਹੜ੍ਹਨ ਕਾਰਨ ਖਤਮ ਹੋ ਜਾਵੇਗਾ| ਜ਼ਿਕਰਯੋਗ ਹੈ ਕਿ ਨੰਗਲ ਡੈਮ ’ਤੇ ਫਲਾਈਓਵਰ ਦੇ ਕੰਮ ਕਾਰਨ ਨੰਗਲ ਡੈਮ ਤੋਂ ਵੱਡੀਆਂ ਗੱਡੀਆਂ ਦੀ ਆਵਾਜਾਈ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਹੈ ਜਿਸ ਕਾਰਨ ਚੰਡੀਗੜ੍ਹ ਤੋਂ ਊਨਾ ਹਿਮਾਚਲ ਪ੍ਰੇਦਸ਼ ਨੂੰ ਜਾਣ ਵਾਲੀਆਂ ਸਾਰੀਆ ਵੱਡੀਆਂ ਗੱਡੀਆਂ, ਬੱਸਾਂ ਆਦਿ ਨੂੰ ਵਾਇਆ ਅਗੰਮਪੁਰ , ਆਨੰਦਪਰ ਸਾਹਿਬ ਹੋ ਕੇ ਆਉਣਾ ਜਾਣਾ ਪੈ ਰਿਹਾ ਹੈ। ਇਸ ਕਾਰਨ ਟਰਾਂਸਪੋਟਰਾਂ ਅਤੇ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ| ਇਸ ਪ੍ਰੇਸ਼ਾਨੀ ਨੂੰ ਖਤਮ ਕਰਨ ਲਈ ਟਰੱਕ ਯੂਨੀਅਨ ਨੰਗਲ ਵੱਲੋਂ ਆਪਣੀਆਂ ਗੱਡੀਆਂ ਨੂੰ ਨੰਗਲ ਤੋਂ ਪੀਏਸੀਐੱਲ ਅਤੇ ਐੱਨਐੱਫਐੱਲ ਵੱਲ ਆਉਣ-ਜਾਣ ਲਈ ਪਿੰਡ ਬਰਾਰੀ ਨੇੜੇ ਸਤਲੁੱਜ ਦਰਿਆ ਵਿਚ ਆਰਜ਼ੀ ਪੁਲ ਦਾ ਨਿਰਮਾਣ ਕੀਤਾ ਸੀ| ਹੁਣ ਆਰਜ਼ੀ ਪੁੱਲ ਹੜਦਾ ਵੇਖ ਟਰੱਕ ਯੂਨੀਅਨ ਨੰਗਲ ਦੇ ਮੈਂਬਰਾਂ ਦੀਆਂ ਆਸਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਰਾਹ ਬੰਦ ਹੋਣ ਕਾਰਨ ਉਨ੍ਹਾਂ ਨੂੰ ਪੀਏਸੀਐੱਲ ਤੇ ਐੱਨਐੱਫਐੱਲ ਵਿੱਚ ਮਾਲ ਲੈਣ ਲਈ ਕਰੀਬ 50 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪਵੇਗਾ। ਯੂਨੀਅਨ ਮੈਂਬਰਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਇਸ ਮਾਮਲੇ ਤੇ ਗੰਭੀਰਤਾ ਨਾਲ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਟਰਾਂਸਪੋਰਟ ਆਗੂ ਸੁਰਜੀਤ ਿਸੰਘ ਢੇਰ, ਨਿਰਮਲ ਸਿੰਘ, ਸੰਗਤ ਸਿੰਘ,ਤੇਜ ਪ੍ਰਕਾਸ਼ ਸਿੰਘ, ਮਨਮੋਹਨ ਸਿੰਘ ਅਤੇ ਸੁੱਚਾ ਸਿੰਘ ਹਾਜ਼ਰ ਸਨ।