ਪਾਲ ਸਿੰਘ ਨੌਲੀ
ਜਲੰਧਰ, 10 ਜਨਵਰੀ
ਇੱਥੋਂ ਦੀ ਅਪਾਹਜ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੂੰ ਤੇਲੰਗਾਨਾ ਦੇ ਸਨਅਤ ਅਤੇ ਸੂਚਨਾ ਤਕਨਾਲੋਜੀ ਮੰਤਰੀ ਕੇ ਟੀ ਰਾਮਾ ਰਾਓ ਨੇ 15 ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਉਨ੍ਹਾਂ ਇਹ ਸਹਾਇਤਾ ਆਪਣੀ ਨਿੱਜੀ ਹੈਸੀਅਤ ਦੇ ਤੌਰ ’ਤੇ ਕੀਤੀ ਹੈ। ਜਾਣਕਾਰੀ ਅਨੁਸਾਰ ਸ੍ਰੀ ਰਾਓ ਨੇ ਹਫ਼ਤਾ ਪਹਿਲਾਂ ਹੀ ਸੋਨੇ ਅਤੇ ਚਾਂਦੀ ਦਾ ਤਗ਼ਮਾ ਜੇਤੂ ਇਸ ਖਿਡਾਰਨ ਦੀ ਮਦਦ ਦਾ ਐਲਾਨ ਕੀਤਾ ਸੀ। ਮਲਿਕਾ ਹਾਂਡਾ ਸੁਣਨ ਤੋਂ 90 ਫ਼ੀਸਦੀ ਅਸਮਰੱਥ ਹੈ। ਉਹ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੀ। ਉਸ ਦਾ ਇੱਕ ਵੀਡੀਓ 3 ਜਨਵਰੀ ਨੂੰ ਵਾਇਰਲ ਹੋਇਆ ਸੀ। ਮਲਿਕਾ ਹਾਂਡਾ 31 ਦਸੰਬਰ ਨੂੰ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੂੰ ਮਿਲੀ ਸੀ ਤੇ ਉਨ੍ਹਾਂ ਕੋਲੋਂ ਨੌਕਰੀ ਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਸੀ ਪਰ ਖੇਡ ਮੰਤਰੀ ਨੇ ਅਸਮਰੱਥਾ ਪ੍ਰਗਟਾਈ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਹੈਦਰਾਬਾਦ ਵਿੱਚ ਸ੍ਰੀ ਰਾਓ ਨੇ ਮਲਿਕਾ ਹਾਂਡਾ ਨੂੰ 15 ਲੱਖ ਰੁਪਏ ਦਾ ਇੱਕ ਚੈੱਕ ਅਤੇ ਇੱਕ ਲੈਪਟਾਪ ਭੇਟ ਕੀਤਾ ਹੈ। ਸ੍ਰੀ ਰਾਓ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਬੇਨਤੀ ਕੀਤੀ ਹੈ ਕਿ ਮਲਿਕਾ ਹਾਂਡਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮਲਿਕਾ ਹਾਂਡਾ ਨੇ ਖ਼ੁਦ ਇਹ ਦਾਅਵਾ ਕੀਤਾ ਸੀ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਪੰਜਾਬ ਸਰਕਾਰ ਨੇ ਅਜਿਹੀ ਕੋਈ ਨੀਤੀ ਨਹੀਂ ਬਣਾਈ ਹੋਈ, ਜਿਸ ਤਹਿਤ ਉਸ ਨੂੰ ਨੌਕਰੀ ਦਿੱਤੀ ਜਾ ਸਕਦੀ ਹੋਵੇ।