ਨਵੀਂ ਦਿੱਲੀ, 21 ਮਈ
ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਭਲਕੇ 22 ਮਈ ਨੂੰ ਚੰਡੀਗੜ੍ਹ ਲਈ ਰਵਾਨਾ ਹੋਣਗੇ। ਕੇਸੀ ਰਾਓ 600 ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਅਤੇ ਵਿੱਤੀ ਮਦਦ ਕਰਦਿਆਂ ਉਹ ਹਰ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੇ ਚੈੱਕ ਸੌਂਪਣਗੇ। ਚੈੱਕ ਸੌਂਪਣ ਦਾ ਕਾਰਜ ਉਹ ਦਿੱਲੀ ਤੇ ਪੰਜਾਬ ਦੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨਾਲ ਮਿਲ ਕੇ ਕਰਨਗੇ। ਇਹ ਮਦਦ ਰਾਸ਼ੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਕਿਸਾਨ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਰਾਓ ਦੇਸ਼ ਪੱਧਰ ਦੇ ਸਿਆਸੀ ਤੇ ਸਮਾਜਿਕ ਪ੍ਰੋਗਰਾਮਾਂ ’ਚ ਭਾਗ ਲੈਣ ਲਈ ਹਫ਼ਤੇ ਭਰ ਦੇ ਦੌਰੇ ਦੌਰਾਨ ਦਿੱਲੀ ਵਿੱਚ ਹਨ। ਚੰਡੀਗੜ੍ਹ ਦੌਰੇ ਮਗਰੋਂ ਰਾਓ 26 ਨੂੰ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇ ਗੌੜਾ ਨੂੰ ਮਿਲਣ ਬੰਗਲੁਰੂ ਜਾਣਗੇ। -ਪੀਟੀਆਈ