ਪੱਤਰ ਪ੍ਰੇਰਕ
ਰਾਜਪੁਰਾ, 31 ਅਗਸਤ
ਰਾਜਪੁਰਾ ਦੇ ਤਤਕਾਲੀ ਤਹਿਸੀਲਦਾਰ ਨਵਪ੍ਰੀਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਮੁਅਤੱਲ ਕਰ ਦਿੱਤਾ ਗਿਆ ਹੈ। ਤਹਿਸੀਲਦਾਰ ਨਵਪ੍ਰੀਤ ਸਿੰਘ ਨਵੰਬਰ 2021 ਤੋਂ ਜੁਲਾਈ 2022 ਤੱਕ ਰਾਜਪੁਰਾ ਵਿੱਚ ਤਾਇਨਾਤ ਰਹੇ ਤੇ ਇਸ ਵੇਲੇ ਬੰਗਾ ਤਹਿਸੀਲ ਵਿੱਚ ਤਾਇਨਾਤ ਹਨ। ਇਸ ਸਬੰਧੀ ਅੱਜ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ, ਪੰਜਾਬ ਅੰਨੂਰਾਗ ਅਗਰਵਾਲ ਨੇ ਪੱਤਰ ਜਾਰੀ ਕਰਕੇ ਮੁਅੱਤਲੀ ਦੇ ਹੁਕਮ ਦਿੱਤੇ ਹਨ। ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਦੱਸਿਆ ਕਿ ਰਾਜਪੁਰਾ ਦੀ ਤਹਿਸੀਲ ਵਿੱਚ ਤਾਇਨਾਤੀ ਦੌਰਾਨ ਤਹਿਸੀਲਦਾਰ ਨਵਪ੍ਰੀਤ ਸਿੰਘ ਖ਼ਿਲਾਫ਼ ਕੁਝ ਵਿਸ਼ੇਸ਼ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਲਈ ਬਿਨਾ ਐੱਨਓਸੀ ਤੋਂ ਰਜਿਸਟਰੀਆਂ ਕਰਨ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਬਾਰੇ ਉਨ੍ਹਾਂ ਨੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਉਕਤ ਮਾਮਲੇ ਦੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਸੀ।