ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 24 ਮਈ
ਸਿੱਖਿਆ ਖੇਤਰ ’ਚ ਕ੍ਰਾਂਤੀ ਲਿਆਉਣ ਵਿੱਚ ਅਧਿਆਪਕ ਵਰਗ ਦਾ ਵਡਮੁੱਲਾ ਯੋਗਦਾਨ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਮੈਰਿਟ ਨਾਲ ਚੁਣੇ ਹੋਏ ਅਧਿਆਪਕ ਭਰਤੀ ਹੁੰਦੇ ਹਨ, ਜੋ ਸਿੱਖਿਆ ਵਿੱਚ ਗੁਣਾਤਮਕ ਵਾਧਾ ਕਰਕੇ ਇਸ ਦਾ ਮਿਆਰ ਹੋਰ ਉੱਚਾ ਚੁੱਕ ਸਕਦੇ ਹਨ।
ਇਹ ਗੱਲ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਸਿੱਖਿਆ ਭਵਨ ਵਿੱਚ ਐਜੂਸੈੱਟ ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ), ਡਾਈਟ ਪ੍ਰਿੰਸੀਪਲਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਇੰਚਾਰਜਾਂ ਨਾਲ ਸਿੱਖਿਆ ਸੁਧਾਰਾਂ ਬਾਰੇ ਕੀਤੀ ਪਲੇਠੀ ਮੀਟਿੰਗ ਦੌਰਾਨ ਕਹੀ। ਉਨ੍ਹਾਂ ਸਕੂਲ ਮੁਖੀਆਂ ਨੂੰ ਆਖਿਆ ਕਿ ਉਹ ਆਪਣੇ ਸਟਾਫ਼ ਦੀ ਮਦਦ ਨਾਲ ਵਧੀਆ ਵਿਉਂਤਬੰਦੀ ਕਰਕੇ ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਾਉਣ ਤੇ ਗੁਣਾਤਮਕ ਸਿੱਖਿਆ ਦੇਣ ਨੂੰ ਤਰਜ਼ੀਹ ਦੇਣ। ਉਨ੍ਹਾਂ ਸਮੂਹ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਇਸ ਸਬੰਧੀ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਵਿਚਾਰਾਂ ਕਰਕੇ ਸੁਝਾਅ ਦੇਣ ਲਈ ਕਿਹਾ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਸਕੂਲ ਮੁਖੀਆਂ ਕੋਲੋਂ ਸਿੱਖਿਆ ਸੁਧਾਰ ਲਈ ਮੰਗੇ ਗਏ ਸੁਝਾਵਾਂ ਨੂੰ ਦਰਜ ਕਰਨ ਦੀ ਮਿਤੀ ਵਿਭਾਗ ਵੱਲੋਂ ਹੁਣ 31 ਮਈ 2022 ਤੱਕ ਵਧਾ ਦਿੱਤੀ ਗਈ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਲਗਾਤਾਰ ਸਰਕਾਰੀ ਸਕੂਲਾਂ ਦੇ ਦੌਰੇ ’ਤੇ ਹਨ, ਜਿਸ ਦੌਰਾਨ ਉਨ੍ਹਾਂ ਕਈ ਤਰ੍ਹਾਂ ਦੇ ਸੁਧਾਰ ਲਿਆਉਣ ਸਬੰਧੀ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਅਧਿਆਪਕਾਂ ਨੂੰ ਬੱਚਿਆਂ ਦਾ ਸਿੱਖਣ ਪੱਧਰ ਜਾਂਚਣ ਲਈ ਇਮਾਨਦਾਰੀ ਨਾਲ ਬੱਚਿਆਂ ਦੀ ਬੇਸਲਾਈਨ ਜਾਂਚ ਰਿਕਾਰਡ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵਿਸ਼ੇਸ਼ ਟੀਮਾਂ ਬਣਾ ਕੇ ਇਸ ਜਾਂਚ ਸਬੰਧੀ ਫੀਡਬੈਕ ਲੈ ਕੇ ਸਮੀਖਿਆ ਕਰਵਾਈ ਜਾਵੇਗੀ। ਮੀਤ ਹੇਅਰ ਨੇ ਮੀਟਿੰਗ ਦੌਰਾਨ ਇਹ ਗੱਲ ਵੀ ਦੁਹਰਾਈ ਕਿ ਸਰਕਾਰ ਦੀ ਭਵਿੱਖੀ ਯੋਜਨਾ ਤਹਿਤ ਅਧਿਆਪਕਾਂ ਤੋਂ ਕਿਸੇ ਕਿਸਮ ਦਾ ਨਾਨ-ਟੀਚਿੰਗ ਕੰਮ ਨਹੀਂ ਲਿਆ ਜਾਵੇਗਾ।
ਇਸ ਮੌਕੇ ਮੰਤਰੀ ਨੇ ਸਿੱਖਿਆ ਬੋਰਡ ਵੱਲੋਂ ਹਰ ਮਹੀਨੇ ਪ੍ਰਕਾਸ਼ਿਤ ਕੀਤੇ ਜਾਂਦੇ ‘ਪੰਖੜੀਆਂ’ ਅਤੇ ਪ੍ਰਾਇਮਰੀ ਸਿੱਖਿਆ ਬਾਲ ਰਸਾਲਿਆਂ ਦਾ ਮਈ ਅੰਕ ਵੀ ਰਿਲੀਜ਼ ਕੀਤਾ। ਇਸ ਤੋਂ ਪਹਿਲਾਂ ਡੀਪੀਆਈ (ਸੈਕੰਡਰੀ) ਕੁਲਜੀਤ ਪਾਲ ਸਿੰਘ ਨੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਸਿੱਖਿਆ ਮੰਤਰੀ ਮੀਤ ਹੇਅਰ ਦਾ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਪਹੁੰਚਣ ’ਤੇ ਸਵਾਗਤ ਕੀਤਾ।