ਪੱਤਰ ਪ੍ਰੇਰਕ
ਕੁਰਾਲੀ, 15 ਸਤੰਬਰ
ਬਲਾਕ ਪੱਧਰੀ ਟੀਚਰ ਫੈਸਟ ਬੂਥਗੜ੍ਹ ਦੇ ਸਰਕਾਰੀ ਹਾਈ ਸਕੂਲ ਵਿੱਚ ਮੁਕੰਮਲ ਹੋਇਆ। ਮਾਜਰੀ ਅਧੀਨ ਪੈਂਦੇ ਸਕੂਲਾਂ ਦੇ ਇਸ ਬਲਾਕ ਪੱਧਰੀ ਟੀਚਰ ਫੈਸਟ ਦੌਰਾਨ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸੁਹਿੰਦਰ ਕੌਰ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਟੀਚਰ ਫੈਸਟ ਦੌਰਾਨ ਪੰਜਾਬੀ ਵਿਸ਼ੇ ਵਿੱਚ ਹਰਪ੍ਰੀਤ ਕੌਰ ਗੋਚਰ ਨੇ ਪਹਿਲਾ, ਜਗਜੀਤ ਕੌਰ ਜੈਯੰਤੀ ਮਾਜਰੀ ਨੇ ਦੂਜਾ ਤੇ ਰਮਿੰਦਰ ਕੌਰ ਬਹਿਲੋਲਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਗਣਿਤ ਵਿਸ਼ੇ ਵਿੱਚ ਮਨਪ੍ਰੀਤ ਕੌਰ ਜੈਯੰਤੀ ਮਾਜਰੀ, ਅੰਗਰੇਜ਼ੀ ਵਿਸ਼ੇ ਦੇ ਮੁਕਾਬਲੇ ਵਿੱਚ ਸਾਕਸ਼ੀ ਜੈਯੰਤੀ, ਸਮਾਜਿਕ ਸਿੱਖਿਆ ਵਿੱਚ ਨੀਸ਼ੂ ਬਾਲਾ ਮਾਣਕਪੁਰ ਸ਼ਰੀਫ਼, ਸਾਇੰਸ ਵਿਸ਼ੇ ਵਿੱਚ ਅਮਿਤਾ ਜੈਯੰਤੀ ਮਾਜਰੀ, ਹਿੰਦੀ ਵਿਸ਼ੇ ਵਿੱਚ ਨੀਤੂ ਜੈਯੰਤੀ ਮਾਜਰੀ ਜਦਕਿ ਕੰਪਿਊਟਰ ਵਿਸ਼ੇ ਵਿੱਚ ਵੰਦਨਾ ਗੋਇਲ ਰਾਣੀ ਮਾਜਰਾ ਪਹਿਲੇ ਸਥਾਨ ’ਤੇ ਰਹੀਆਂ। ਨੋਡਲ ਅਫ਼ਸਰ ਪ੍ਰਿੰਸੀਪਲ ਸੁਹਿੰਦਰ ਕੌਰ ਨੇ ਜੇਤੂਆਂ ਦਾ ਸਨਮਾਨ ਕੀਤਾ। ਮੁੱਖ ਅਧਿਆਪਕਾ ਜਗਜੀਤ ਕੌਰ ਨੇ ਧੰਨਵਾਦ ਕੀਤਾ।
ਮੋਰਿੰਡਾ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਮਾਰਟ ਸਕੂਲ ਮੜੌਲੀ ਕਲਾਂ ਵਿੱਚ ਅਧਿਆਪਕਾਂ ਵੱਲੋਂ ਵੱਖ-ਵੱਖ ਵਿਸ਼ਿਆਂ ਸਬੰਧੀ ਮਾਡਲਾਂ ਤੇ ਚਾਰਟਾਂ ਰਾਹੀਂ ਪ੍ਰਦਰਸ਼ਨ ਕੀਤਾ ਗਿਆ। ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਟੀਚਰ ਫੈਸਟ ਵਧੀਆ ਪਲੇਟਫਾਰਮ ਸਾਬਤ ਹੋ ਸਕਦੇ ਹਨ।
ਕੁਰਾਲੀ ਬਲਾਕ ’ਚ ਮੇਜ਼ਬਾਨ ਸਕੂਲ ਦੀ ਝੰਡੀ
ਕੁਰਾਲੀ ਬਲਾਕ ਦਾ ਟੀਚਰ ਫੈਸਟ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਹੋਇਆ। ਪ੍ਰਿੰਸੀਪਲ ਚਰਨਜੀਤ ਕੌਰ ਨੇ ਦੱਸਿਆ ਕਿ ਇਸ ਫੈਸਟ ਵਿੱਚ ਬਲਾਕ 35 ਅਧਿਆਪਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਸਕੂਲ ਦੇ ਹਿੱਸੇ 24 ਇਨਾਮ ਆਏ। ਉਨ੍ਹਾਂ ਦੱਸਿਆ ਕਿ ਸਕੂਲ ਦੀ ਅਧਿਆਪਕਾ ਸੁਧਾ ਸ਼ਰਮਾ ਸਾਇੰਸ, ਰੁਚੀ ਸੂਦ ਗਣਿਤ, ਗੁਰਿੰਦਰ ਕੌਰ ਅੰਗਰੇਜ਼ੀ, ਕਮਲਜੀਤ ਕੌਰ ਕੰਪਿਊਟਰ ਜਸਵੀਰ ਕੌਰ ਸਮਾਜਿਕ ਸਿੱਖਿਆ ਅਤੇ ਡਰਾਇੰਗ ਵਿਸ਼ੇ ਵਿੱਚ ਕਮਲਾ ਦੇਵੀ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਜਦਕਿ ਸਕੂਲ ਦੇ ਸੱਤ ਅਧਿਆਪਕਾਂ ਨੇ ਦੂਜਾ ਤੇ ਸੱਤ ਨੇ ਹੀ ਤੀਜਾ ਸਥਾਨ ਹਾਸਲ ਕੀਤਾ।