ਖੇਤਰੀ ਪ੍ਰਤੀਨਿਧ
ਪਟਿਆਲਾ, 3 ਅਪਰੈਲ
ਪੰਜਾਬੀ ਯੂਨੀਵਰਸਿਟੀ ਵੱਲੋਂ ‘ਪੰਜਾਬ ਇਤਿਹਾਸ ਅਧਿਐਨ ਵਿਭਾਗ’ ਅਤੇ ‘ਪੰਜਾਬ ਇਤਿਹਾਸ ਵਿਭਾਗ’ ਦਾ ਰਲੇਵਾਂ ਕਰਨ ਦੀ ਕਾਰਵਾਈ ਦਾ ਵਿਰੋਧ ਹੋਣ ਲੱਗਾ ਹੈ। ਰਲੇਵਾਂ ਕਰਕੇ ਹੁਣ ਇਨ੍ਹਾਂ ਦੋਵੇਂ ਵਿਭਾਗਾਂ ਨੂੰ ‘ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ’ ਦਾ ਨਾਮ ਦਿੱਤਾ ਗਿਆ ਹੈ। ਅਧਿਆਪਕ ਜਥੇਬੰਦੀ ‘ਪੂਟਾ’ ਦੇ ਪ੍ਰਧਾਨ ਡਾ. ਭੁਪਿੰਦਰ ਵਿਰਕ, ਮੀਤ ਪ੍ਰਧਾਨ ਗਰਨਾਮ ਵਿਰਕ ਅਤੇ ਪੰਜਾਬ ਇਤਿਹਾਸ ਵਿਭਾਗ ਦੇ ਮੁਖੀ ਰਹੇ ਡਾ. ਇਦਰੀਜ ਮੁਹੰਮਦ ਸਮੇਤ ਹੋਰਨਾਂ ਨੇ ਆਖਿਆ ਕਿ ਅਜਿਹੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਜੇਕਰ ਹੁਣ ਤੋਂ ਹੀ ਆਵਾਜ਼ ਨਾ ਬੁਲੰਦ ਕੀਤੀ ਗਈ ਤਾਂ ਹੋਰ ਵਿਭਾਗਾਂ ਦਾ ਰਲੇਵਾਂ ਵੀ ਤੈਅ ਹੈ। ਇਸ ਮੌਕੇ ਗੁਰਨਾਮ ਵਿਰਕ ਨੇ ਐਲਾਨ ਕੀਤਾ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਵੱਖ-ਵੱਖ ਵਰਗਾਂ ਸਮੇਤ ਪੰਜਾਬ ਹਤਾਇਸ਼ੀਆਂ ਨੂੰ ਲਾਮਬੰਦ ਕਰਕੇ ਸਾਂਝਾ ਸੰਘਰਸ਼ ਵਿੱਢਿਆ ਜਾੇਵਗਾ।
ਵੀਸੀ ਵੱਲੋਂ ਫੈਸਲਾ ਢੁੱਕਵਾਂ ਕਰਾਰ
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਿਭਾਗਾਂ ਦੇ ਰਲੇਵੇਂ ਨੂੰ ਕਈ ਪੱਖਾਂ ਤੋਂ ਢੁੱਕਵਾਂ ਫੈਸਲਾ ਦੱਸਦਿਆਂ ਕਿਹਾ ਕਿ ਹੁਣ ਖੋਜ ਕਾਰਜਾਂ ਲਈ ਲੋੜੀਂਦੇ ਫੰਡਾਂ ਦੀ ਆਮਦ ਦਾ ਰਾਹ ਵੀ ਖੁੱਲ੍ਹ ਗਿਆ ਹੈ। ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਨੇ ਆਖਿਆ ਕਿ 1962 ਵਿੱਚ ਯੂਨੀਵਰਸਿਟੀ ਦੀ ਸਥਾਪਨਾ ਵੇਲੇ ‘ਡਿਪਾਰਟਮੈਂਟ ਆਫ਼ ਪੰਜਾਬ ਹਿਸਟੌਰੀਕਲ ਸਟੱਡੀਜ਼’ ਵੀ ਮੋਹਰੀ ਵਿਭਾਗਾਂ ’ਚ ਸ਼ਾਮਲ ਸੀ, ਪਰ 1985 ਦੌਰਾਨ ਇਸ ਦੇ ਦੋ ਵਿਭਾਗ (ਇਤਹਾਸ ਵਿਭਾਗ ਅਤੇ ਪੰਜਾਬ ਹਿਸਟੌਰੀਕਲ ਸਟੱਡੀਜ਼ ਵਿਭਾਗ) ਬਣਾ ਦਿੱਤੇ। ਹੁਣ ਸਿੰਡੀਕੇਟ ਨੇ ਦੋਵਾਂ ਨੂੰ ਮੁੜ ਇਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨਵਾਂ ਵਿਭਾਗ 60 ਲੱਖ ਦੀ ਫੰਡਿੰਗ ਵਾਲੀ ਸੀਏਐੱਸ ਗਰਾਂਟ, 50 ਲੱਖ ਵਾਲੀ ਡੀਐੱਸਏ ਗਰਾਂਟ ਅਤੇ 40 ਲੱਖ ਵਾਲੀ ਡੀਆਰਐੱਸ ਗਰਾਂਟ ਪ੍ਰਾਪਤ ਕਰਨ ਦੇ ਯੋਗ ਹੋ ਗਿਆ ਹੈ।