ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਗਸਤ
ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅੱਜ ਆਦਰਸ਼ ਸਕੂਲਾਂ ਦੇ ਅਧਿਆਪਕਾਂ ਵੱਲੋਂ ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵਜੋਂ 13 ਤੋਂ 15 ਅਗਸਤ ਤੱਕ ਆਪਣੇ ਘਰਾਂ ’ਤੇ ਕਾਲੇ ਝੰਡੇ ਲਹਿਰਾਉਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ ਤੇ ਜਨਰਲ ਸਕੱਤਰ ਸੁਖਵੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਦੀ ਥਾਂ ਸੂਬਾ ਸਰਕਾਰ ਲਗਾਤਾਰ ਦੇਰੀ ਕਰ ਰਹੀ ਹੈ। ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਸੁਖਦੀਪ ਕੌਰ ਸਰਾਂ, ਪਰਵਿੰਦਰ ਕੌਰ ਮਾਨਸਾ ਤੇ ਸਰਬਜੀਤ ਕੌਰ ਗਰੇਵਾਲ ਨੇ ਮੰਗ ਕੀਤੀ ਕਿ ਸਰਕਾਰ ਆਦਰਸ਼ ਸਕੂਲਾਂ ਨੂੰ ਸਿੱਖਿਆ ਵਿਭਾਗ ਅਧੀਨ ਲੈ ਕੇ ਬਣਦੀ ਜ਼ਿੰਮੇਵਾਰੀ ਨਾਲ ਚਲਾਵੇ, ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਗਰੇਡ ਪੇਅ ਮੁਤਾਬਕ ਸਿੱਧੀਆ ਸਰਕਾਰੀ ਖਜ਼ਾਨੇ ’ਚੋਂ ਜਾਰੀ ਕੀਤੀਆਂ ਜਾਣ, ਆਦਰਸ਼ ਸਕੂਲਾਂ ਵਿੱਚ ਪੜ੍ਹਾਉਣ ਵਾਲਿਆਂ ਦੇ ਤਜਰਬੇ ਨੂੰ ਮਾਨਤਾ ਦੇ ਕੇ 2019 ਵਿੱਚ ਹੋਈ ਹੈੱਡ ਟੀਚਰ/ਸੈਂਟਰ ਹੈੱਡ ਟੀਚਰ ਦੀ ਸਿੱਧੀ ਭਰਤੀ ਦੀ ਮੈਰਿਟ ਲਿਸਟ ਵਿੱਚ ਆਏ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।