ਬਲਵਿੰਦਰ ਰੈਤ
ਨੂਰਪੁਰ ਬੇਦੀ, 21 ਅਕਤੂਬਰ
ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨ ਅਧਿਆਪਕਾਂ ਦੇ ਤਨਖਾਹ ਸਕੇਲ ਘਟਾਉਣ ਦੀ ਜਾਰੀ ਕੀਤੀ ਨੋਟੀਫਿਕੇਸ਼ਨ ਖਿਲਾਫ਼ ਅੱਜ ਮਾਸਟਰ ਕੇਡਰ ਯੂਨੀਅਨ ਵੱਲੋਂ ਸਖ਼ਤ ਰੋਸ ਪ੍ਰਗਟ ਕੀਤਾ ਗਿਆ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਰੂਪਨਗਰ ਦੇ ਵੱਖ ਵੱਖ ਸਕੂਲਾਂ ਵਿੱਚ ਵਸ਼ਿੰਗਟਨ ਸਿੰਘ ਸਮੀਰੋਵਾਲ, ਮਾਲਵਾ ਜ਼ੋਨ ਪ੍ਰਧਾਨ ਮਹਿੰਦਰ ਸਿੰਘ ਰਾਣਾ, ਸੂਬਾ ਸੰਯੁਕਤ ਸਕੱਤਰ ਕਮਲਜੀਤ ਅਤੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਸ਼ਾਂਤਪੁਰੀ ਦੀ ਅਗਵਾਈ ਵਿਚ ਸਾਰੇ ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ। ਜ਼ਿਲ੍ਹਾ ਜਨਰਲ ਸਕੱਤਰ ਭਵਨ ਸਿੰਘ ਸੈਣੀ ਅਤੇ ਉੱਪ ਪ੍ਰਧਾਨ ਗੁਰਤਿੰਦਰਪਾਲ ਸਿੰਘ ਗਨੂੰਰਾ ਨੇ ਦੱਸਿਆ ਕਿ ਆਹਲੂਵਾਲੀਆ ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਲਾਗੂ ਕਰਦਿਆਂ ਅਧਿਆਪਕਾਂ ਦੇ ਮੌਜੂਦਾ ਤਨਖਾਹ ਸਕੇਲਾਂ ਨੂੰ ਘਟਾ ਕੇ ਕੇਂਦਰੀ ਪੈਟਰਨ ਲਾਗੂ ਕਰਨ ਦੀ ਨਿਖੇਧੀ ਕਰਦਿਆਂ ਇਸ ਫ਼ੈਸਲੇ ਨੂੰ ਮੁਲਾਜ਼ਮ ਮਾਰੂ ਕਰਾਰ ਦਿੱਤਾ। ਇਸ ਮੌਕੇ ਸੂਬਾਈ ਆਗੂ ਸਮੀਰੋਵਾਲ ਨੇ ਕੇਡਰ ਨੂੰ ਆਉਣ ਵਾਲੇ ਵੱਡੇ ਖ਼ਤਰੇ ਭਾਵ ਮਾਸਟਰ ਕੇਡਰ ਨੂੰ 3600 ਗਰੇਡ ਪੇਅ ’ਤੇ ਲਿਆਉਣ ਦਾ ਖਦਸ਼ਾ ਪ੍ਰਗਟ ਕਰਦਿਆਂ ਕੇਡਰ ਨੂੰ ਵੱਡੇ ਤੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਗੁਰਨਾਮ ਸਿੰਘ ਠੌਣਾ ਤੇ ਕਮਲਜੀਤ ਸ਼ਰਮਾ ਨੇ ਕਿਹਾ ਕਿ ਕੱਲ ਨੂੰ ਬਲਾਕ ਪੱਧਰ ’ਤੇ ਇਸ ਮਾਰੂ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਕਥੇੜਾ, ਅਨਿਲ ਕੁਮਾਰ ਨੂਰਪਰ, ਪ੍ਰਿਤਪਾਲ ਸਿੰਘ ਰਾਣਾ, ਅਮਰਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ।
ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉਤਰਨ ਦੀ ਚਿਤਾਵਨੀ
ਚਮਕੌਰ ਸਾਹਿਬ (ਸੰਜੀਵ ਬੱਬੀ): ਪੰਜਾਬ ਦੇ ਲੱਖਾਂ ਮੁਲਾਜ਼ਮਾਂ ਨੂੰ ਲਾਰਾ ਲਗਾ ਕੇ ਤਿੰਨ ਮਹੀਨਿਆਂ ਅੰਦਰ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਕੇ ਸੱਤਾ ’ਚ ਆਈ ਪੰਜਾਬ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਕੇਂਦਰੀ ਤਨਖਾਹ ਪੈਟਰਨ ਨੂੰ ਜ਼ਬਰਦਸਤੀ ਥੋਪ ਕੇ ਧ੍ਰੋਹ ਕਮਾਇਆ ਹੈ। ਇਸ ਰੋਸ ਕਾਰਨ ਹੀ ਮਾਸਟਰ ਕਾਡਰ ਯੂਨੀਅਨ ਵੱਲੋਂ ਤਨਖਾਹ ਕਮਿਸ਼ਨ ਦੀਆਂ ਕਾਪੀਆਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਸ਼ਾਤਪੁਰ, ਸਟੇਟ ਕਮੇਟੀ ਮੈਂਬਰ ਸਤਨਾਮ ਸਿੰਘ ਅਤੇ ਸੀਨੀਅਰ ਅਧਿਆਪਕ ਆਗੂ ਰਵਿੰਦਰ ਸਿੰਘ ਰਵੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਾਲਬਤਪੁਰ ’ਚ ਸਕੂਲ ਸਮੇਂ ਤੋਂ ਬਾਅਦ ਸਾੜੀਆਂ ਗਈਆਂ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਆਪਣੇ ਇਸ ਨਾਦਰਸ਼ਾਹੀ ਫਰਮਾਨ ਨੂੰ ਵਾਪਸ ਨਹੀਂ ਲੈਂਦੀ, ਤਾਂ ਸਮੁੱਚਾ ਅਧਿਆਪਕ ਵਰਗ ਸਰਕਾਰ ਖਿਲਾਫ਼ ਸੜਕਾਂ ’ਤੇ ਉਤਰੇਗਾ।