ਰਵੇਲ ਸਿਘ ਭਿੰਡਰ
ਪਟਿਆਲਾ, 12 ਅਪਰੈਲ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਕਿਸਾਨੀ ਮੋਰਚੇ ਨੂੰ ਹਾੜ੍ਹੀ ਸੀਜ਼ਨ ਦੌਰਾਨ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਡਟਵੀਂ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਜ਼ਿਲ੍ਹਾ ਪਟਿਆਲਾ ਵੱਲੋਂ ਸ਼ੁਰੂਆਤ ਕਰਦਿਆਂ ਅਧਿਆਪਕਾਂ ਦੇ ਪਹਿਲੇ ਜਥਾ ਨੇ ਸਿੰਘੂ ਹੱਦ ’ਤੇ ਹਾਜ਼ਰੀ ਲਵਾਈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅਤਿੰਦਰ ਘੱਗਾ ਨੇ ਸਿੰਘੂ ਸਟੇਜ ਤੋਂ ਸੰਬੋਧਨ ਹੁੰਦਿਆਂ ਕਿਹਾ ਮੋਦੀ ਸਰਕਾਰ ਪੂੰਜੀਪਤੀਆਂ ਕੋਲ ਦੇਸ਼ ਵੇਚਣ ਨੂੰ ਆਪਣਾ ਏਜੰਡਾ ਬਣਾਉਂਦਿਆਂ ਸਰਕਾਰੀ ਮਹਿਕਮਿਆਂ ਨੂੰ ਖਤਮ ਕਰ ਰਹੀ ਹੈ, ਜਿਸ ਤਹਿਤ ਰੇਲਵੇ, ਹਵਾਈ ਅੱਡੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸੜਕਾਂ ਤੇ ਸ਼ਾਹ-ਰਾਹਾਂ ਸਬੰਧੀ ਵਿਭਾਗਾਂ ਦਾ ਨਿੱਜੀਕਰਨ ਤੇਜ਼ ਕਰਦਿਆਂ ਅਗਲੇ ਵਿੱਤੀ ਸਾਲ ਵਿੱਚ 25 ਲੱਖ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰੀ ਟੈਲੀਫੋਨ ਕੰਪਨੀਆਂ ਬੀਐੱਸਐੱਨਐੱਲ, ਐੱਮਟੀਐੱਨਐੱਲ ਦੇ ਟਾਵਰ ਅਤੇ ਹੋਰ ਜਾਇਦਾਦਾਂ ਵੇਚ ਜਾਂ ਲੀਜ਼ ’ਤੇ ਦੇ ਕੇ 40,000 ਕਰੋੜ ਰੁਪਏ ਕਮਾਏ ਜਾਣਗੇ। ਖੇਡਾਂ ਲਈ ਬਣੇ ਕਈ ਸਟੇਡੀਅਮ ਨਿੱਜੀ ਖੇਤਰ ਨੂੰ ਦਿੱਤੇ ਜਾਣਗੇ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ 13 ਹਵਾਈ ਅੱਡਿਆਂ ਵਿੱਚ ਆਪਣੀ ਹਿੱਸੇਦਾਰੀ ਨਿੱਜੀ ਖੇਤਰ ਹਵਾਲੇ ਕੀਤੀ ਜਾਵੇਗੀ। ਸੱਤ ਹਜ਼ਾਰ ਕਿਲੋਮੀਟਰ ਤੋਂ ਵੱਧ ਸੜਕਾਂ ਤੋਂ ਇਲਾਵਾ ਜਨਤਕ ਖੇਤਰ ਦੇ ਦੋ ਬੈਂਕਾਂ ਅਤੇ ਇਕ ਬੀਮਾ ਕੰਪਨੀ ਵੀ ਨਿੱਜੀ ਖੇਤਰ ਨੂੰ ਸੌਂਪਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਅਧਿਆਪਕ ਆਗੂਆਂ ਹਰਦੀਪ ਟੋਡਰਪੁਰ ਅਤੇ ਕੁਲਦੀਪ ਗੋਬਿੰਦਪੁਰ ਨੇ ਕਿਹਾ ਕਿ ਵਿਸਾਖੀ ਮੌਕੇ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਸੈਂਕੜੇ ਅਧਿਆਪਕਾਂ ਵੱਲੋਂ ਸਿੰਘੂ ਮੋਰਚੇ ਦੀ ਸਟੇਜ ਤੱਕ ਨਿੱਜੀਕਰਨ ਖ਼ਿਲਾਫ਼ ਅਤੇ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਪੈਦਲ ਮੁਲਾਜ਼ਮ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਹਾੜ੍ਹੀ ਸੀਜ਼ਨ ਦੌਰਾਨ ਮੁਜ਼ਾਲਮ ਜਥੇ ਇਸੇ ਤਰ੍ਹਾਂ ਦਿੱਲੀ ਹਾਜ਼ਰੀ ਲਵਾ ਕੇ ਮੋਰਚੇ ਨੂੰ ਮਜ਼ਬੂਤੀ ਦਿੰਦੇ ਰਹਿਣਗੇ। ਅੱਜ ਸਿੰਘੂ ਹੱਦ ’ਤੇ ਜ਼ਿਲ੍ਹਾ ਆਗੂ ਹਰਵਿੰਦਰ ਰੱਖੜਾ, ਰਾਜਿੰਦਰ ਸਮਾਣਾ, ਰਾਮ ਸ਼ਰਨ, ਹਰਿੰਦਰ ਸਿੰਘ, ਸਤਪਾਲ ਸਮਾਣਵੀ, ਗਗਨ ਰਾਣੂ, ਹਰਵਿੰਦਰ ਬੇਲੂਮਾਜਰਾ, ਜਸਪਾਲ ਚੌਧਰੀ, ਜਗਤਾਰ ਸਿੰਘ ਸਫੀਪੁਰ, ਜਗਪਾਲ ਚਹਿਲ, ਗੁਰਵਿੰਦਰ ਖੱਟੜਾ, ਗੁਰਵੀਰ ਟੋਡਰਪੁਰ, ਚਿਤਵੰਤ ਸਿੰਘ, ਅਮਨਦੀਪ ਕੋੜਾ, ਬਲਰਾਜ ਸਿੰਘ ਗਿੱਲ ਤੇ ਵਿਕਰਮ ਖਾਂਗ ਨੇ ਹਾਜ਼ਰੀ ਲਵਾਈ।
ਪੰਜਾਬ ਤੋਂ ਕਿਸਾਨ ਮੋਰਚਿਆਂ ’ਚ ਪੁੱਜਣ ਲੱਗੇ ਮੁਲਾਜ਼ਮਾਂ ਦੇ ਜਥੇ
ਨਵੀਂ ਦਿੱਲੀ (ਮਨਧੀਰ ਦਿਓਲ): ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਦੀ ਹੇਠ ਜਥੇ ਦਿੱਲੀ ਪੁੱਜਣੇ ਸ਼ੁਰੂ ਹੋ ਗਏ ਹਨ। ਬਰਨਾਲਾ ਤੋਂ ਅਧਿਆਪਕ ਆਗੂ ਗੁਰਮੀਤ ਸਿੰਘ ਸੁਖਪੁਰ ਤੇ ਰਾਜੀਵ ਕੁਮਾਰ ਦੀ ਅਗਵਾਈ ’ਚ ਅਤੇ ਸੰਗਰੂਰ ਤੋਂ ਗੁਰਬਖ਼ਸ਼ੀਸ਼ ਸਿੰਘ ਬਰਾੜ, ਹਰਜੀਤ ਸਿੰਘ ਬਾਲੀਆਂ, ਸੁਖਵਿੰਦਰ ਗਿਰ, ਮੇਘਰਾਜ, ਨਿਰਭੈ ਖਾਈ ਤੇ ਸਵਰਨਜੀਤ ਸਿੰਘ ਦੀ ਅਗਵਾਈ ’ਚ ਵੱਡੇ ਜਥੇ ਟਿਕਰੀ ਬਾਰਡਰ ਪਹੁੰਚੇ ਹਨ। ਸਿੰਘੂ ਬਾਰਡਰ ’ਤੇ ਵੀ ਮੁਲਾਜ਼ਮਾਂ ਦੇ ਜਥੇ ਪਹੁੰਚੇ ਹਨ। ਆਗੂਆਂ ਨੇ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕੁਝ ਕਿਸਾਨ ਭਰਾਵਾਂ ਨੂੰ ਪੰਜਾਬ ਜਾਣਾ ਪਿਆ ਹੈ, ਭਰਾਤਰੀ ਸਹਿਯੋਗ ਦਿੰਦਿਆਂ ਮੁਲਾਜ਼ਮ ਜਥੇਬੰਦੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਡਿਊਟੀਆਂ ਮੁਤਾਬਕ ਜਥੇ ਦਿੱਲੀ ਭੇਜਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਅੰਦੋਲਨ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ, ਸਗੋਂ ਹਰ ਵਰਗ ਦੀ ਸ਼ਮੂਲੀਅਤ ਕਰਵਾਉਂਦਿਆਂ ਅੰਦੋਲਨ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ। ਬੀਕੇਯੂ ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਅਜੋਕੇ ਹਾਲਾਤ ’ਚ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਸਾਰੇ ਵਰਗਾਂ ਦੇ ਇਕਜੁੱਟ ਹੋ ਕੇ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਲੜਨ ਦੀ ਲੋੜ ਹੈ। ਪੰਜਾਬ ਦੇ ਮੁਲਾਜ਼ਮਾਂ ਵੱਲੋਂ ਕਿਸਾਨ ਮੋਰਚਿਆਂ ’ਚ ਸ਼ਮੂਲੀਅਤ ਨੇ ਇਹ ਸਾਫ਼ ਕੀਤਾ ਹੈ ਕਿ ਕਿਸਾਨ ਅੰਦੋਲਨ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਹਰ ਵਰਗ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਿਹਾ ਹੈ।