ਪਰਸ਼ੋਤਮ ਬੱਲੀ
ਬਰਨਾਲਾ, 10 ਅਗਸਤ
ਖੇਤੀ ਕਾਨੂੰਨਾਂ ਵਿਰੁੱਧ ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਬੀਤੇ 314 ਦਿਨਾਂ ਤੋਂ ਲੱਗੇ ਕਿਸਾਨੀ ਮੋਰਚੇ ਵਿੱਚ ਅੱਜ ਕਿਸਾਨ ਬੀਬੀਆਂ ਨੇ ਸੰਗਰਾਮੀ ਰੰਗ ਵਿੱਚ ਤੀਆਂ ਮਨਾਈਆਂ। ਉਨ੍ਹਾਂ ਇਨਕਲਾਬੀ ਬੋਲੀਆਂ ਪਾ ਕੇ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਅੱਜ ਦਾ ਧਰਨਾ ਸੰਚਾਲਨ ਵੀ ਬੀਬੀਆਂ ਹੱਥ ਰਿਹਾ। ਗਿੱਧੇ ’ਚ ਧਮਾਲਾਂ ਪਾਉਂਦੀਆਂ ਬੀਬੀਆਂ ਨੇ ‘ਵਾਪਸ ਨਹੀਂ ਮੁੜਨਾ, ਬਿੱਲ ਵਾਪਸ ਕਰਵਾਉਣੇ’, ‘ਬੋਲੋ ਵੀਰੋ ਵੇ ਬਾਪੂ ਕੱਲ੍ਹਾ ਨਾਅਰੇ ਮਾਰਦਾ’, ‘ਹੋਊ ਸਰਕਾਰਾਂ ਨੂੰ ਪਾਲਾ, ਲੋਕਾਂ ਨੂੰ ਡਰ ਕੋਈ ਨਾ’, ‘ਕੱਠੇ ਹੋ ਕੇ ਮਾਰੋ ਹੰਭਲਾ, ਬਿੱਲ ਵਾਪਸ ਕਰਵਾਉਣੇ’ ਆਦਿ ਬੋਲੀਆਂ ਪਾਈਆਂ। ਇਸ ਪ੍ਰੋਗਰਾਮ ਵਿੱਚ ਕਰਮਗੜ੍ਹ, ਖੁੱਡੀ ਕਲਾਂ ਅਤੇ ਠੀਕਰੀਵਾਲਾ ਦੀਆਂ ਮਹਿਲਾ ਟੀਮਾਂ ਨੇ ਹਿੱਸਾ ਲਿਆ। ਕਨਵੀਨਰ ਬਲਵੰਤ ਸਿੰਘ ਉਪਲੀ ਨੇ ਬੀਬੀਆਂ ਦਾ ਧੰਨਵਾਦ ਕੀਤਾ। ਉਨ੍ਹਾਂ 12 ਅਗਸਤ ਨੂੰ ਮਹਿਲ ਕਲਾਂ ਵਿੱਚ ਕਿਰਨਜੀਤ ਕੌਰ ਦੇ ਸ਼ਹੀਦੀ ਸਮਾਗਮ ’ਚ ਸ਼ਮੂਲੀਅਤ ਕਰਨ ਲਈ ਵੀ ਬੇਨਤੀ ਕੀਤੀ।
ਬਰਨਾਲਾ (ਰਵਿੰਦਰ ਰਵੀ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਪੂਰਾ ਪੰਜਾਬ ਪਿਛਲੇ ਨੌਂ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਇਸ ਦਾ ਰੰਗ ਹੁਣ ਪੰਜਾਬ ਦੇ ਸੱਭਿਆਚਾਰ ’ਤੇ ਵੀ ਪੈਣ ਲੱਗਿਆ ਹੈ। ਪਿੰਡ ਪੱਤੀ ਸੇਖਵਾਂ ਵਿੱਚ ਇਸ ਦੀ ਝਲਕ ਦੇਖਣ ਨੂੰ ਮਿਲੀ, ਜਿੱਥੇ ਔਰਤਾਂ ਵੱਲੋਂ ਕਿਸਾਨੀ ਸੰਘਰਸ਼ ਸਬੰਧੀ ਬੋਲੀਆਂ ਪਾਉਣ ਦੇ ਨਾਲ ਕੇਂਦਰ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ। ਤੀਆਂ ਮਨਾ ਰਹੀਆਂ ਸੰਦੀਪ ਕੌਰ, ਨਵਨੀਤ ਕੌਰ, ਹਰਜਿੰਦਰ ਕੌਰ ਤੇ ਮਨਜੀਤ ਕੌਰ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਤੀਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀਆਂ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਵਿੱਚ ਤੀਆਂ ਦੇ ਮੇਲੇ ਦੌਰਾਨ ਕੁੜੀਆਂ ਅਤੇ ਔਰਤਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਪੁਤਲਾ ਫ਼ੂਕਦਿਆਂ ਮੁਜ਼ਾਹਰਾ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਗਰਾਮ ਪੰਚਾਇਤ ਬਡਰੁੱਖਾਂ ਵੱਲੋਂ ਪਿੰਡ ਦੀਆਂ ਕੁੜੀਆਂ ਦੀ ਮੰਗ ’ਤੇ ਤੀਆਂ ਦਾ ਤਿਉਹਾਰ ਮਨਾਉਣ ਦਾ ਪ੍ਰਬੰਧ ਪਿੰਡ ’ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਵਿੱਚ ਪ੍ਰਬੰਧ ਕੀਤਾ ਗਿਆ। ਮੇਲੇ ’ਚ ਕਿਸਾਨੀ ਝੰਡੇ ਵੀ ਨਜ਼ਰ ਆ ਰਹੇ ਸਨ। ਪਿੰਡ ’ਚ ਯਾਦਗਾਰੀ ਪਾਰਕ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਤੇਜ਼ ਰਫ਼ਤਾਰ ਟਰੈਫ਼ਿਕ ਹੋਣ ਕਾਰਨ ਪੁਲੀਸ ਨੂੰ ਵਿਸ਼ੇਸ਼ ਨਾਕੇ ਲਗਾ ਕੇ ਚੌਕਸੀ ਵਰਤਣੀ ਪਈ। ਇਸ ਮੌਕੇ ਪਿੰਡ ਦੇ ਸਰਪੰਚ ਕੁਲਜੀਤ ਸਿੰਘ ਤੂਰ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਹਰ ਤਿਉਹਾਰ ਤੇ ਸਮਾਗਮਾਂ ’ਚ ਕਿਸਾਨ ਅੰਦੋਲਨ ਗੂੰਜਦਾ ਰਹੇਗਾ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਰਾਮਪੁਰਾ ਰੇਲਵੇ ਸਟੇਸ਼ਨ ’ਤੇ ਲੱਗਿਆ ਪੱਕਾ ਮੋਰਚਾ 314ਵੇਂ ਦਿਨ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਿਹਾ। ਔਰਤਾਂ ਨੇ ਮੋਦੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਬੋਲੀਆਂ ਅਤੇ ਗੀਤ ਗਾ ਕੇ ਲਾਹਣਤਾਂ ਪਾਈਆਂ।
ਦਿੱਲੀ ਵੀ ਨਾ ਰਿਹਾ ਪਿੱਛੇ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ’ਤੇ ‘ਸੰਗਰਾਮੀ ਤੀਆਂ’ ਮਨਾਈਆਂ ਗਈਆਂ। ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੋਟੜਾ ਅਤੇ ਬਚਿੱਤਰ ਕੌਰ ਮੋਗਾ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਔਰਤਾਂ ਦੀਆਂ ਟੀਮਾਂ ਬਣਾ ਕੇ ਸਟੇਜ ਤੋਂ ਇਨਕਲਾਬੀ ਬੋਲੀਆਂ ਦਾ ਆਗਾਜ਼ ਕੀਤਾ ਗਿਆ।