ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਅਗਸਤ
ਜ਼ਿਲ੍ਹਾ ਦਿਹਾਤੀ ਪੁਲੀਸ ਨੇ 17 ਕਿੱਲੋ ਹੈਰੋਇਨ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਉਰਫ ਸੋਨੂੰ ਵਾਸੀ ਸ਼ਹੀਦ ਊਧਮ ਸਿੰਘ ਨਗਰ ਵਜੋਂ ਹੋਈ ਹੈ, ਜੋ ਇਕ ਟੈਕਸੀ ਚਾਲਕ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਨੂੰ ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ ਨੇੜਿਓਂ 16 ਪੈਕੇਟ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਇਹ ਹੈਰੋਇਨ ਇਨੋਵਾ ਕਾਰ ਵਿੱਚ ਬਣਾਈ ਵਿਸ਼ੇਸ਼ ਥਾਂ ਵਿੱਚ ਛੁਪਾਈ ਹੋਈ ਸੀ। ਮੁੱਢਲੀ ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਇਹ ਹੈਰੋਇਨ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਰਣਜੀਤ ਸਿੰਘ ਉਰਫ ਰਾਣਾ ਪੱਟੀ ਅਤੇ ਮੁਕਤਸਰ ਜੇਲ੍ਹ ਵਿੱਚ ਬੰਦ ਮਲਕੀਤ ਸਿੰਘ ਉਰਫ ਲੱਡੂ ਦੇ ਇਸ਼ਾਰੇ ’ਤੇ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਇਲਾਕੇ ਤੋਂ ਲਿਆਂਦੀ ਸੀ। ਪੁਲੀਸ ਨੇ ਥਾਣਾ ਕੱਥੂਨੰਗਲ ਵਿੱਚ ਕੇਸ ਦਰਜ ਕਰ ਲਿਆ ਹੈ।