ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਈ
ਪੰਜਾਬ ਵਿੱਚ ਨਵੇਂ ਉਦਯੋਗਾਂ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਉਦੇਸ਼ ਤਹਿਤ ਟਾਟਾ ਟੈਕਨਾਲੋਜੀਜ਼ ਨੇ ਪੰਜਾਬ ਵਿੱਚ ਆਪਣਾ ਇਲੈਕਟ੍ਰਿਕ ਵਾਹਨ ਉਤਪਾਦਨ ਕੇਂਦਰ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਗੱਲ ਦਾ ਪ੍ਰਗਟਾਵਾ ਟਾਟਾ ਟੈਕਨਾਲੋਜੀਜ਼ ਦੇ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕਰਦਿਆਂ ਕੀਤਾ। ਟਾਟਾ ਟੈਕਨਾਲੋਜੀਜ਼ ਦੇ ਗਲੋਬਲ ਸੀਈਓ ਵਾਰੇਨ ਹੈਰਿਸ, ਪ੍ਰੈਜ਼ੀਡੈਂਟ ਗਲੋਬਲ ਐੱਚਆਰ ਐਂਡ ਆਈਟੀ ਪਵਨ ਭਗੇਰੀਆ ਨੇ ਪੰਜਾਬ ’ਚ ਯੂਨਿਟ ਸਥਾਪਤ ਕਰਨ ’ਚ ਦਿਲਚਸਪੀ ਦਿਖਾਈ, ਜਿਸ ਤਹਿਤ ਸੂਬੇ ਵਿੱਚ 250 ਕਰੋੜ ਰੁਪਏ ਦਾ ਸ਼ੁਰੂਆਤੀ ਨਿਵੇਸ਼ ਤੇ ਭਵਿੱਖ ਵਿੱਚ 1600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਪ੍ਰਾਜੈਕਟ ਲਈ ਟਾਟਾ ਟੈਕਨਾਲੋਜੀਜ਼ ਨੂੰ ਸਹਿਯੋਗ ਦਾ ਭਰੋਸਾ ਦਿੱਤਾ।