ਚੰਡੀਗੜ੍ਹ, 15 ਸਤੰਬਰ
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀਰ ਅਮਨ ਅਰੋੜਾ ਨੇ ਅੱਜ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਖੇਤੀ ਰਹਿੰਦ-ਖੂੰਹਦ ’ਤੇ ਆਧਾਰਤ ਕੰਪਰੈੱਸਡ ਬਾਇਓਗੈਸ (ਸੀਬੀਜੀ) ਪ੍ਰਾਜੈਕਟਾਂ ਤੋਂ ਪੈਦਾ ਹੁੰਦੀ ਜੈਵਿਕ ਖਾਦ ਦੀ ਖਰੀਦ ਅਤੇ ਚੁਕਾਈ ਸਬੰਧੀ ਟਾਸਕ ਫੋਰਸ ਕਾਇਮ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਵਧੀਕ ਮੁੱਖ ਸਕੱਤਰ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਏ. ਵੇਣੂ ਪ੍ਰਸਾਦ ਇਸ ਟਾਸਕ ਫੋਰਸ ਦੇ ਚੇਅਰਮੈਨ ਹੋਣਗੇ, ਜਦਕਿ ਵਧੀਕ ਮੁੱਖ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸਰਵਜੀਤ ਸਿੰਘ ਨੂੰ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਡਾਇਰੈਕਟਰ ਪੇਡਾ ਐੱਮਪੀ ਸਿੰਘ ਕਨਵੀਨਰ ਵਜੋਂ ਸੇਵਾ ਨਿਭਾਉਣਗੇ।
ਦੱਸਣਯੋਗ ਹੈ ਕਿ ਇਹ ਟਾਸਕ ਫੋਰਸ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਦੀ ਅਗਵਾਈ ਹੇਠ ਕੰਮ ਕਰੇਗੀ ਅਤੇ ਇਸ ਟਾਸਕ ਫੋਰਸ ਦੀ ਪਹਿਲੀ ਮੀਟਿੰਗ 16 ਸਤੰਬਰ ਨੂੰ ਸੱਦੀ ਗਈ ਹੈ। ਟਾਸਕ ਫੋਰਸ ਦੇ ਮੈਂਬਰਾਂ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਪੇਡਾ ਸੁਮੀਤ ਜਾਰੰਗਲ, ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ, ਵਾਈਸ ਚਾਂਸਲਰ ਗਡਵਾਸੂ ਲੁਧਿਆਣਾ, ਡਾਇਰੈਕਟਰ ਰਿਸਰਚ ਪੀਏਯੂ, ਡਾਇਰੈਕਟਰ ਜਨਰਲ ਐੱਸਐੱਸਐੱਸ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ ਐਨਰਜੀ ਕਪੂਰਥਲਾ ਤੋਂ ਇਲਾਵਾ ਐੱਨਐੱਫਐੱਲ, ਕ੍ਰਿਭਕੋ, ਇਫਕੋ, ਮੈਸਰਜ਼ ਕੋਰੋਮੰਡਲ ਇੰਟਰਨੈਸਨਲ ਲਿਮ., ਮੈਸਰਜ਼ ਟਾਟਾ ਰੈਲਿਸ ਇੰਡੀਆ ਲਿਮ., ਮੈਸਰਜ਼ ਚੰਬਲ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਲਿਮ. ਦੇ ਸੀਨੀਅਰ ਨੁਮਾਇੰਦੇ, ਜਨਰਲ ਮੈਨੇਜਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ., ਡਾਇਰੈਕਟਰ ਮੈਸਰਜ਼ ਸੰਪੂਰਨਾ ਐਗਰੀ ਵੈਂਚਰ ਪ੍ਰਾਈਵੇਟ ਲਿਮਟਿਡ, ਸੀਈਓ ਮੈਸਰਜ਼ ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ, ਡਾਇਰੈਕਟਰ ਮੈਸਰਜ਼ ਪੀ.ਈ.ਐਸ. ਰੀਨਿਊਏਬਲ ਪ੍ਰਾਈਵੇਟ ਲਿਮਟਿਡ, ਡਾਇਰੈਕਟਰ ਮੈਸਰਜ਼ ਫਾਰਮ ਗੈਸ ਪ੍ਰਾਈਵੇਟ ਲਿਮਟਿਡ, ਸੀ.ਈ.ਓ. ਮੈਸਰਜ਼ ਐਵਰ-ਇਨਵਾਇਰੋ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਅਤੇ ਡਾਇਰੈਕਟਰ ਮੈਸਰਜ਼ ਸਿਟੀਜ਼ ਇਨੋਵੇਟਿਵ ਬਾਇਓਫਿਊਲਜ਼ ਪ੍ਰਾਈਵੇਟ ਲਿਮ. ਸ਼ਾਮਲ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿੱਚ ਖੇਤੀਬਾੜੀ, ਬਾਗ਼ਬਾਨੀ ਅਤੇ ਫੁੱਲਾਂ ਦੀ ਖੇਤੀ ਵਿੱਚ ਕੰਪਰੈੱਸਡ ਬਾਇਓਗੈਸ (ਸੀਬੀਜੀ) ਪਲਾਂਟਾਂ ਤੋਂ ਪੈਦਾ ਹੁੰਦੀ ਜੈਵਿਕ ਖਾਦ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗੀ। ਇਸ ਖਾਦ ਦੀ ਵਰਤੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਫ਼ਸਲਾਂ ਦੀ ਗੁਣਵੱਤਾ ਵਿੱਚ ਵੀ ਵਾਧਾ ਕਰਦੀ ਹੈ ਅਤੇ ਇਸ ਨਾਲ ਸਥਾਨਕ ਉਦਯੋਗਾਂ ਨੂੰ ਵੀ ਹੁਲਾਰਾ ਮਿਲੇਗਾ।