ਦਵਿੰਦਰ ਪਾਲ
ਚੰਡੀਗੜ੍ਹ, 7 ਜੁਲਾਈ
ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਫ਼ਰੀਦਕੋਟ ਦੇ ਡੀਐੱਸਪੀ ਲਖਵੀਰ ਸਿੰਘ ਦੀ ਭ੍ਰਿਸ਼ਟਾਚਾਰ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਇਹ ਕੇਸ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਹੈ। ਡੀਜੀਪੀ ਨੇ ਦੱਸਿਆ ਕਿ ਪੰਜਾਬ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਏਜੰਸੀ ਹੈ, ਇਸ ਵਾਸਤੇ ਉਕਤ ਮਾਮਲੇ ਦੀ ਅਗਲੇਰੀ ਜਾਂਚ ਦੀ ਜ਼ਿੰਮੇਵਾਰੀ ਬਿਊਰੋ ਨੂੰ ਸੌਂਪਣ ਦਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਡੀਐੱਸਪੀ ਲਖਵੀਰ ਸਿੰਘ ਨੂੰ ਤਰਨ ਤਾਰਨ ਪੁਲੀਸ ਨੇ ਬੁੱਧਵਾਰ ਨੂੰ ਐੱਨਡੀਪੀਐੱਸ ਐਕਟ ਤਹਿਤ ਦਰਜ ਐੱਫਆਈਆਰ ਵਿੱਚ ਨਾਮਜ਼ਦ ਨਾ ਕਰਨ ਲਈ ਇੱਕ ਨਸ਼ਾ ਤਸਕਰ ਕੋਲੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਤਰਨ ਤਾਰਨ ’ਚ ਹੀ ਗ੍ਰਿਫ਼ਤਾਰ ਕੀਤਾ ਸੀ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਤਰਨ ਤਾਰਨ ਜ਼ਿਲ੍ਹਾ ਪੁਲੀਸ ਨੇ ਐਤਵਾਰ ਨੂੰ ਪੱਟੀ ਮੋੜ ਨੇੜੇ ਇੱਕ ਪੈਟਰੋਲ ਪੰਪ ਕੋਲੋਂ ਪਿਸ਼ੌਰਾ ਸਿੰਘ ਨਾਮ ਦੇ ਇਕ ਨਸ਼ਾ ਤਸਕਰ ਨੂੰ 250 ਗ੍ਰਾਮ ਅਫੀਮ ਅਤੇ ਇਕ ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫਤਾਰ ਕੀਤਾ ਸੀ। ਤਰਨ ਤਾਰਨ ਦੇ ਪਿੰਡ ਮਾਡਲ ਬੋਪਾਰਾਏ ਦਾ ਵਸਨੀਕ ਪਿਸ਼ੌਰਾ ਸਿੰਘ 30 ਜੂਨ 2022 ਨੂੰ ਦਰਜ ਐੱਫਆਈਆਰ ਵਿੱਚ ਲੋੜੀਂਦਾ ਸੀ। ਇਸੇ ਮਾਮਲੇ ਵਿੱਚ ਤਰਨ ਤਾਰਨ ਦੇ ਪਿੰਡ ਮਾੜੀ ਮੇਘਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੂੰ 900 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪਿਸ਼ੌਰਾ ਸਿੰਘ ਦੇ ਖੁਲਾਸੇ ’ਤੇ ਪੁਲੀਸ ਨੇ 9.97 ਲੱਖ ਰੁਪਏ ਵੀ ਬਰਾਮਦ ਕੀਤੇ ਸਨ ਜੋ ਕਿ ਕਥਿਤ ਤੌਰ ’ਤੇ ਰਿਸ਼ਵਤ ਸੀ।
ਡੀਐੱਸਪੀ ਲਖਬੀਰ ਸਿੰਘ ਨੂੰ 20 ਤੱਕ ਜੇਲ੍ਹ ਭੇਜਿਆ
ਭਿੱਖੀਵਿੰਡ, ਪੱਟੀ (ਨਰਿੰਦਰ ਸਿੰਘ/ਬੇਅੰਤ ਸਿੰਘ): ਅਫ਼ੀਮ ਦੇ ਮੁੱਖ ਸਪਲਾਇਰ ਨੂੰ ਕੇਸ ਤੋਂ ਬਾਹਰ ਰੱਖਣ ਲਈ ਦਸ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੱਲ੍ਹ ਉਸਮਾ ਟੌਲ ਪਲਾਜ਼ਾ ਤਰਨ ਤਾਰਨ ਤੋਂ ਗ੍ਰਿਫ਼ਤਾਰ ਕੀਤੇ ਗਏ ਡੀਐੱਸਪੀ (ਡੀ) ਫ਼ਰੀਦਕੋਟ ਲਖਬੀਰ ਸਿੰਘ ਨੂੰ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪੱਟੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਥੇ ਅਦਾਲਤ ਵਿੱਚ ਤਰਨ ਤਾਰਨ ਪੁਲੀਸ ਵੱਲੋਂ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਅਦਾਲਤ ਵੱਲੋਂ ਮੁਲਜ਼ਮ ਨੂੰ 20 ਜੁਲਾਈ ਤੱਕ ਜੁਡੀਸ਼ਲ ਰਿਮਾਂਡ ਤਹਿਤ ਗੋਇੰਦਵਾਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਪੇਸ਼ੀ ਮਗਰੋਂ ਪੁਲੀਸ ਤੁਰੰਤ ਡੀਐੱਸਪੀ ਨੂੰ ਕੋਰਟ ਕੰਪਲੈਕਸ ਵਿੱਚੋਂ ਗੱਡੀ ਵਿੱਚ ਬਿਠਾ ਕੇ ਲੈ ਗਈ। ਜਾਣਕਾਰੀ ਅਨੁਸਾਰ ਪੱਟੀ ਸੀਆਈਏ ਸਟਾਫ਼ ਅਤੇ ਭਿੱਖੀਵਿੰਡ ਸੀਆਈਏ ਸਟਾਫ਼ ਵੱਲੋਂ ਸਾਂਝੀ ਨਾਕਾਬੰਦੀ ਦੌਰਾਨ ਸੁਰਜੀਤ ਸਿੰਘ ਮਾੜੀ ਮੇਘਾ ਨੂੰ 900 ਗ੍ਰਾਮ ਅਫੀਮ ਸਣੇ ਕਾਬੂ ਕੀਤਾ ਗਿਆ ਸੀ। ਪੁੱਛ-ਪੜਤਾਲ ਦੌਰਾਨ ਸੁਰਜੀਤ ਸਿੰਘ ਨੇ ਪਿਸ਼ੌਰਾ ਸਿੰਘ ਨਾਂ ਦੇ ਅਫ਼ੀਮ ਦੇ ਇੱਕ ਵੱਡੇ ਸਪਲਾਇਰ ਦਾ ਨਾਂ ਲਿਆ ਸੀ, ਜਿਸ ਦਾ ਨਾਂ ਕੇਸ ਵਿੱਚੋਂ ਕਢਵਾਉਣ ਲਈ ਡੀਐੱਸਪੀ (ਡੀ) ਫ਼ਰੀਦਕੋਟ ਵੱਲੋਂ ਦਸ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇਹ ਰਕਮ ਨਿਸ਼ਾਨ ਸਿੰਘ ਰਾਹੀਂ ਪੱਟੀ ਦੇ ਸੀਆਈਏ ਸਟਾਫ਼ ਦੇ ਮੁਣਸ਼ੀ ਰਸ਼ਪਾਲ ਸਿੰਘ ਨੂੰ ਦਿੱਤੀ ਜਾਣੀ ਸੀ। ਬਾਅਦ ਵਿੱਚ ਡੀਐੱਸਪੀ ਦੇ ਚਚੇਰੇ ਭਰਾ ਹੀਰਾ ਸਿੰਘ ਰਾਹੀਂ ਹੋਈ ਗੱਲਬਾਤ ਮਗਰੋਂ ਇਹ ਰਕਮ ਹੀਰਾ ਸਿੰਘ ਨੂੰ ਅੱਗੇ ਦੇਣ ਵਾਸਤੇ ਦਿੱਤੀ ਗਈ। ਮਗਰੋਂ ਹੀਰਾ ਸਿੰਘ ਤੋਂ ਪੁਲੀਸ ਨੇ 9 ਲੱਖ 97 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਸੀ।
ਸਿਰਫ਼ ਡੀਐੱਸਪੀ ਨੂੰ ਹੀ ਕੀਤਾ ਗਿਆ ਸੀ ਗ੍ਰਿਫ਼ਤਾਰ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਤਰਨ ਤਾਰਨ ਦੇ ਨਸ਼ਾ ਤਸਕਰ ਕੋਲੋਂ ਦਸ ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਫ਼ਰੀਦਕੋਟ ਦੇ ਡੀਐੱਸਪੀ (ਡੀ) ਲਖਵੀਰ ਸਿੰਘ ਦੇ ਮਾਮਲੇ ਵਿਚ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਡੀਆਈਜੀ ਦੀ ਗ੍ਰਿਫ਼ਤਾਰੀ ਮਹਿਜ਼ ਅਫ਼ਵਾਹ ਨਿਕਲੀ। ਬੁੱਧਵਾਰ ਦੇਰ ਰਾਤ ਪੱਤਰਕਾਰਾਂ ਨੂੰ ਅਜਿਹੀ ਜਾਣਕਾਰੀ ਮਿਲੀ ਸੀ ਅਤੇ ਪੱਤਰਕਾਰ ਕਾਫ਼ੀ ਦੇਰ ਰਾਤ ਤੱਕ ਉਨ੍ਹਾਂ ਨਾਲ ਸੰਪਰਕ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਸੰਪਰਕ ਕਾਇਮ ਨਾ ਹੋ ਸਕਿਆ ਜਿਸ ਕਰਕੇ ਅਸਪੱਸ਼ਟਤਾ ਵਾਲੀ ਸਥਿਤੀ ਬਣੀ ਰਹੀ। ਬਾਅਦ ਵਿਚ ਪੰਜਾਬ ਪੁਲੀਸ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਪੂਰੇ ਕੇਸ ਦੀ ਡਿਟੇਲ ਜਾਰੀ ਕੀਤੀ ਗਈ, ਜਿਸ ਵਿਚ ਡੀਆਈਜੀ ਇੰਦਰਬੀਰ ਸਿੰਘ ਦੀ ਗ੍ਰਿਫ਼ਤਾਰੀ ਜਾਂ ਸ਼ਮੂਲੀਅਤ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ ਗਿਆ। ਵੀਰਵਾਰ ਨੂੰ ਵੀ ਸਥਾਨਕ ਪੱਤਰਕਾਰਾਂ ਨੇ ਡੀਆਈਜੀ ਦਾ ਪੱਖ ਜਾਨਣ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਕਈ ਵਾਰ ਮੋਬਾਈਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਾ ਹੋ ਸਕਿਆ।