ਇਕਬਾਲ ਸਿੰਘ ਸ਼ਾਂਤ
ਲੰਬੀ, 17 ਜੁਲਾਈ
ਮੌਨਸੂਨ ਦੇ ਪਹਿਲੇ ਮੀਂਹ ਨੇ ਮਾਲਵਾ ਪੱਟੀ ਵਿੱਚ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਲੰਬੀ ਹਲਕੇ ਦੀ ਨਿਵਾਣ ਵਿੱਚ ਵੱਸੇ ਪਿੰਡ ਤੱਪਾਖੇੜਾ ਵਿੱਚ ਗੁਆਂਢੀ ਪਿੰਡਾਂ ਤੋਂ ਆਏ ਮੀਂਹ ਦੇ ਪਾਣੀ ਕਾਰਨ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਹੈ। ਪਿੰਡ ਦੇ ਆਸ-ਪਾਸ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਦੋ ਮਕਾਨਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ। ਕਰੀਬ ਢਾਈ ਸੌ ਏਕੜ ਨਰਮਾ ਅਤੇ ਸੱਤ-ਅੱਠ ਸੌ ਏਕੜ ਰਕਬੇ ਵਿੱਚ ਖੜ੍ਹਾ 70 ਤੋਂ 75 ਫ਼ੀਸਦੀ ਝੋਨਾ ਪਾਣੀ ਦੀ ਮਾਰ ਹੇਠ ਹੈ। ਪਿੰਡ ਵਿੱਚੋਂ ਲੰਘਦੀ ਅਬੁੱਲਖੁਰਾਣਾ ਡਰੇਨ ਨੇੜਲੇ ਪਿੰਡ ਮਾਹੂਆਣਾ ਅਤੇ ਅਬੁੱਲਖੁਰਾਣਾ ਤੋਂ ਆਇਆ ਪਾਣੀ ਓਵਰਫਲੋਅ ਹੋ ਰਿਹਾ ਹੈ ਅਤੇ ਅਗਾਂਹ ਨਿਕਾਸੀ ਨਾ ਹੋਣ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮਾਹੂਆਣਾ ਵਾਲੇ ਪਾਸਿਓਂ ਆਉਂਦੇ ਇੱਕ ਛੋਟੇ ਖਾਲ ਦਾ ਪਾਣੀ ਪਿੰਡ ਅੰਦਰਲੇ ਛੱਪੜ ਵਿੱਚ ਪੈਣ ਕਾਰਨ ਪਾਣੀ ਲਗਾਤਾਰ ਵਧ ਰਿਹਾ ਹੈ। ਜਾਣਕਾਰੀ ਮੁਤਾਬਕ ਮੀਂਹ ਦੇ ਪਾਣੀ ਕਾਰਨ ਪਿੰਡ ਦੇ ਗਰੀਬ ਕਾਲਾ ਸਿੰਘ ਅਤੇ ਮਹਿੰਦਰ ਸਿੰਘ ਦੇ ਮਕਾਨ ਦੀਆਂ ਛੱਤਾਂ ਡਿੱਗ ਗਈਆਂ। ਇਨ੍ਹਾਂ ਪਰਿਵਾਰਾਂ ਦਾ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਘਰੇਲੂ ਸਾਮਾਨ ਛੱਤ ਹੇਠਾਂ ਦੱਬੇ ਜਾਣ ਕਾਰਨ ਤਹਿਸ-ਨਹਿਸ ਹੋ ਗਿਆ। ਪ੍ਰਸ਼ਾਸਨ ਨੇ ਮੁੱਢਲੇ ਉਪਰਾਲਿਆਂ ਵਜੋਂ ਅੱਜ ਛੱਪੜ ਵਿੱਚ ਦੋ ਨਿਕਾਸੀ ਮੋਟਰਾਂ ਲਗਾਈਆਂ ਹਨ, ਜਿਹੜੀਆਂ ਮਾਰੂ ਹਾਲਾਤ ਮੂਹਰੇ ਨਾਕਾਫ਼ੀ ਜਾਪਦੀਆਂ ਹਨ।
ਤੱਪਾਖੇੜਾ ਦੇ ਵਸਨੀਕ ਨੀਟੂ ਨੇ ਕਿਹਾ ਕਿ ਪਿੰਡ ਨੀਵਾਨ ਵਿੱਚ ਹੋਣ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਪਿੰਡ ਨੂੰ ਡੁੱਬਣ ਤੋਂ ਬਚਾਉਣ ਲਈ ਪ੍ਰਸ਼ਾਸਨ ਨੂੰ ਡੇਢ-ਦੋ ਦਰਜਨ ਨਿਕਾਸੀ ਮੋਟਰਾਂ ਲਗਾਉਣੀਆਂ ਚਾਹੀਦੀਆਂ ਹਨ। ਸੰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਨੂੰ ਮਾਹੂਆਣਾ ਅਤੇ ਅਬੁੱਲਖੁਰਾਣਾ ਦੇ ਬਰਸਾਤੀ ਅਤੇ ਨਿਕਾਸੀ ਪਾਣੀ ਲਈ ਬਦਲਵਾਂ ਰਾਹ ਲੱਭਣਾ ਚਾਹੀਦਾ ਹੈ। ਇਸੇ ਦੌਰਾਨ ਪਿੰਡ ਕੱਖਾਂਵਾਲੀ ਵਿੱਚ ਮੀਂਹਾਂ ਕਾਰਨ ਕੰਧ ਡਿੱਗ ਜਾਣ ਕਰ ਕੇ ਆਜੜੀ ਜੰਗੀਰਾ ਰਾਮ ਦੀਆਂ ਕਰੀਬ 17 ਭੇਡਾਂ ਅਤੇ ਬੱਕਰੀਆਂ ਮਰ ਗਈਆਂ।
ਦੂਜੇ ਪਾਸੇ ਲੰਬੀ ਦੇ ਨਾਇਬ ਤਹਿਸੀਲਦਾਰ ਭੋਲਾ ਰਾਮ ਨੇ ਕਿਹਾ ਕਿ ਤੱਪਾਖੇੜਾ ਵਿੱਚ ਚਾਰ ਮੋਟਰਾਂ ਲਗਾ ਕੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦਾ ਅਮਲਾ ਪਿੰਡਾਂ ਵਿੱਚ ਜ਼ਮੀਨੀ ਪੱਧਰ ’ਤੇ ਨਜ਼ਰ ਰੱਖ ਕੇ ਤੁਰੰਤ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਰਿਹਾ ਹੈ।
ਕੰਧ ਡਿੱਗਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਮੋਗਾ ਦੇ ਸੰਧੂਆਂ ਵਾਲਾ ਨੇੜੇ ਇਕ ਝੌਂਪੜੀ ਵਿੱਚ ਰਹਿੰਦੇ ਇੱਕ ਪਰਵਾਸੀ ਪਰਿਵਾਰ ’ਤੇ ਬੀਤੇ ਦਿਨ ਮੀਂਹ ਕਹਿਰ ਬਣ ਕੇ ਵਰ੍ਹਿਆ। ਇਸ ਮੀਂਹ ਕਾਰਨ ਝੌਂਪੜੀ ਦੀ ਪੱਕੀ ਕੰਧ ਡਿੱਗ ਗਈ, ਜਿਸ ਦੇ ਮਲਬੇ ਹੇਠ ਆ ਕੇ ਦੋ ਬੱਚੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਜ਼ੱਫ਼ਰਪੁਰ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਰਾਜੇਸ਼ ਸ਼ਾਹ ਸਬਜ਼ੀਆਂ ਆਦਿ ਵੇਚ ਕੇ ਗੁਜ਼ਾਰਾ ਕਰਦਾ ਸੀ। ਉਹ ਲੰਘੀ ਰਾਤ ਆਪਣੀ ਝੌਂਪੜੀ ਵਿੱਚ ਪਰਿਵਾਰ ਸਮੇਤ ਸੌਂ ਰਿਹਾ ਸੀ। ਇਸ ਦੌਰਾਨ ਦੇਰ ਰਾਤ ਤੇਜ਼ ਮੀਂਹ ਕਾਰਨ ਝੌਂਪੜੀ ਦੀ ਪਿਛਲੀ ਕੰਧ ਉਨ੍ਹਾਂ ਉੱਪਰ ਡਿੱਗ ਗਈ। ਇਸ ਦੌਰਾਨ ਅੱਠ ਵਿਅਕਤੀ ਮਲਬੇ ਹੇਠ ਦੱਬ ਗਏ। ਚੀਕ ਚਿਹਾੜਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਮਲਬਾ ਹਟਾਇਆ। ਇਸ ਹਾਦਸੇ ਵਿੱਚ ਦੋ ਸਕੀਆਂ ਭੈਣਾਂ ਜਿਨ੍ਹਾਂ ਦੀ ਉਮਰ ਪੰਜ ਸਾਲ ਅਤੇ ਢਾਈ ਸਾਲ ਦੱਸੀ ਜਾਂਦੀ ਹੈ, ਦੀ ਮੌਤ ਹੋ ਗਈ ਜਦਕਿ ਬਾਕੀ ਛੇ ਜੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਵੱਲੋਂ ਬੱਚੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਰਜਿੰਦਰ ਸਿੰਘ ਬਰਾੜ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਮੁਆਵਜ਼ੇ ਦੀ ਮੰਗ ਕੀਤੀ ਹੈ।