ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 2 ਫਰਵਰੀ
ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਨੂੰ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ 1992 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ ਕੀਤੇ ਜਾਣ ਕਰਕੇ ਇਹ ਸੀਟ ਕਾਂਗਰਸ ਕੋਲ ਚਲੀ ਗਈ। ਉਸ ਵੇਲੇ ਇੱਥੋਂ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਚੋਣ ਜਿੱਤੇ। 1997 ਦੀਆਂ ਚੋਣਾਂ ’ਚ ਉਹ ਇਕ ਵਾਰ ਫਿਰ ਜਿੱਤਣ ਵਿਚ ਕਾਮਯਾਬ ਹੋ ਗਏ। ਮਗਰੋਂ ਉਨ੍ਹਾਂ 2002 ਦੀ ਚੋਣ ਆਜ਼ਾਦ, 2007 ਅਤੇ 2012 ਦੀ ਚੋਣ ਕਾਂਗਰਸ ਤੇ 2014 ਦੀ ਜ਼ਿਮਨੀ ਚੋਣ ਅਕਾਲੀ ਉਮੀਦਵਾਰ ਵਜੋਂ ਜਿੱਤੀ। 2017 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਬਾਜ਼ੀ ਮਾਰ ਗਈ। ਜੇ ਪਿਛਲੇ ਢਾਈ ਦਹਾਕਿਆਂ ’ਤੇ ਝਾਤ ਮਾਰੀਏ ਤਾਂ ਇੱਥੇ ਹਰ ਵਾਰ ਸਰਕਾਰ ਵਿਰੋਧੀ ਉਮੀਦਵਾਰ ਜਿੱਤਦਾ ਰਿਹਾ ਹੈ, ਜਿਸ ਕਰਕੇ ਹਲਕੇ ਦਾ ਓਨਾ ਵਿਕਾਸ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ।
ਤਲਵੰਡੀ ਸਾਬੋ ਵਿੱਚ ਸਿੱਖ ਧਰਮ ਦਾ ਚੌਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ। ਇਸ ਨੂੰ ਬਾਕੀ ਚਾਰ ਤਖ਼ਤ ਸਾਹਿਬਾਨ ਵਾਂਗ ਰੇਲਵੇ ਲਾਈਨ ਨਾਲ ਜੋੜਨ ਦੀ ਚਿਰਾਂ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਦਾ ਕਈ ਵਾਰ ਸਰਵੇਖਣ ਵੀ ਹੋ ਚੁੱਕਾ ਹੈ ਪਰ ਗੱਲ ਸਿਰੇ ਨਹੀਂ ਲੱਗੀ। ਇਸੇ ਤਰ੍ਹਾਂ ਤਲਵੰਡੀ ਸਾਬੋ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਵੀ ਉੱਠਦੀ ਰਹੀ ਪਰ ਸਰਕਾਰਾਂ ਨੇ ਗੌਰ ਨਹੀਂ ਕੀਤਾ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ। ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਤੇ ਹਲਕੇ ਦੀ ਮੰਡੀ ਰਾਮਾਂ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਪੂਰੇ ਨਹੀਂ ਹਨ। ਹਲਕੇ ਦਾ ਜ਼ਿਆਦਾਤਰ ਰਕਬਾ ਨਹਿਰੀ ਰਜਵਾਹਿਆਂ ਦੀਆਂ ਟੇਲਾਂ ’ਤੇ ਪੈਣ ਕਰਕੇ ਖੇਤਾਂ ਨੂੰ ਪੂਰਾ ਪਾਣੀ ਨਹੀਂ ਮਿਲਦਾ। ਪਿੰਡਾਂ ਦੇ ਛੱਪੜਾਂ ਦਾ ਨਿਕਾਸੀ ਪ੍ਰਬੰਧ ਨਾ ਹੋਣ ਕਰਕੇ ਇਹ ਬਰਸਾਤਾਂ ਵਿੱਚ ਲੋਕਾਂ ਲਈ ਮੁਸੀਬਤ ਬਣਦੇ ਹਨ। ਪਿੰਡਾਂ ਵਿੱਚ ਸਰਕਾਰੀ ਬੱਸਾਂ ਬੰਦ ਹੋ ਚੁੱਕੀਆਂ ਹਨ। ਪਿੰਡਾਂ ਨੂੰ ਜੋੜਦੇ ਬਹੁਤੇ ਰਾਹ ਅਜੇ ਵੀ ਕੱਚੇ ਪਏ ਹਨ।
ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਹਲਕੇ ਦੇ ਵਿਕਾਸ ਲਈ ਉਨ੍ਹਾਂ ਦੀਆਂ ਕਈ ਰੀਝਾਂ ਸਨ ਪਰ ‘ਆਪ’ ਦੀ ਸਰਕਾਰ ਨਾ ਬਣਨ ਕਰਕੇ ਇਹ ਪੂਰੀਆਂ ਨਹੀਂ ਹੋਈਆਂ। ਵਿਰੋਧੀ ਧਿਰ ਦੀ ਸਰਕਾਰ ਵੱਲੋਂ ਵਿਕਾਸ ਫੰਡ ਦੇਣ ਲਈ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਉਮੀਦਵਾਰ ਤੇ ਸਾਬਕਾ ਵਿਧਾਇਕ ਜੀਤਮੁਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦਾ ਜੋ ਵੀ ਵਿਕਾਸ ਹੋਇਆ, ਉਹ ਅਕਾਲੀ ਸਰਕਾਰਾਂ ਵੇਲੇ ਹੀ ਹੋਇਆ ਹੈ। ਉਨ੍ਹਾਂ ਪਿਛਲੇ 26 ਸਾਲ ਵਿੱਚ ਜੋ ਹਲਕੇ ਦੇ ਵਿਕਾਸ ਕੰਮ ਕੀਤੇ ਹਨ, ਉਨ੍ਹਾਂ ਤੋਂ ਹਲਕਾ ਵਾਸੀ ਭਲੀ-ਭਾਂਤ ਜਾਣੂ ਹਨ। ਇਸ ਲਈ ਉਹ ਵਿਕਾਸ ਦੇ ਮੁੱਦੇ ’ਤੇ ਚੋਣ ਲੜ ਰਹੇ ਹਨ। ਗੱਠਜੋੜ ਉਮੀਦਵਾਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਹੈ।
ਕਾਂਗਰਸ ਦੇ ਹਲਕਾ ਸੇਵਾਦਾਰ ਤੇ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਕਿਹਾ ਕਿ ਹਲਕੇ ਦੇ ਵਿਕਾਸ ਦੀ ਜ਼ਿੰਮੇਵਾਰੀ ਮੌਜੂਦਾ ਵਿਧਾਇਕ ਦੀ ਹੁੰਦੀ ਹੈ ਪਰ ਵਿਧਾਇਕ ਨੇ ਹਲਕੇ ਦੇ ਵਿਕਾਸ ਦੀ ਥਾਂ ਆਪਣੇ ਨਿੱਜੀ ਸਵਾਰਥ ਹੀ ਮੁੱਖ ਰੱਖੇ ਹਨ। ਜਟਾਣਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਹਾਰਨ ਦੇ ਬਾਵਜੂਦ ਉਨ੍ਹਾਂ ਹਲਕੇ ’ਚ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ। ਉਨ੍ਹਾਂ ਕਿਹਾ ਕਿ ਜੇ ਉਹ ਇਸ ਵਾਰ ਚੋਣ ਜਿੱਤਦੇ ਹਨ ਤੇ ਸੂਬੇ ਅੰਦਰ ਫਿਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਹਲਕੇ ਦੀਆਂ ਰਹਿੰਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ।