ਰਵੇਲ ਸਿੰਘ ਭਿੰਡਰ
ਪਟਿਆਲਾ, 28 ਜੂਨ
ਪਾਵਰਕੌਮ ਨੂੰ ਭਾਵੇਂ ਅੱਜ ਰੋਪੜ ਤੇ ਗੋਇੰਦਵਾਲ ਸਾਹਿਬ ਥਰਮਲ ਦੀਆਂ ਬੰਦ ਉਤਪਾਦ ਯੂਨਿਟਾਂ ’ਚੋਂ ਇੱਕ-ਇੱਕ ਮੁੜ ਕਿਰਿਆਸ਼ੀਲ ਹੋਣ ਨਾਲ ਕੁਝ ਰਾਹਤ ਮਿਲੀ ਹੈ ਪਰ ਹੁਣ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਯੂਨਿਟ ’ਚ ਤਕਨੀਕੀ ਨੁਕਸ ਪੈਣਾ ਆਰੰਭ ਹੋ ਗਿਆ ਹੈ। ਇਸ ਕਾਰਨ ਇਸ ਯੂਨਿਟ ’ਚ ਬਿਜਲੀ ਉਤਪਾਦਨ ਅੱਧਾ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਤਕਨੀਕੀ ਨੁਕਸ ਕਾਰਨ ਰੋਪੜ ਦੇ ਖ਼ਰਾਬ ਹੋਏ ਦੋ ਉਤਪਾਦਨ ਯੂਨਿਟਾਂ ’ਚੋਂ ਇੱਕ ਅੱਜ ਕਾਰਜਸੀਲ ਹੋ ਗਿਆ ਹੈ ਜਦੋਂਕਿ ਇਸ ਪਲਾਂਟ ਦਾ ਛੇ ਨੰਬਰ ਯੂਨਿਟ ਹਾਲੇ ਵੀ ਬੰਦ ਹੈ। ਇਸ ਕਾਰਨ ਪੰਜਾਬ ’ਚ 210 ਮੈਗਾਵਾਟ ਉਤਪਾਦਨ ਮਨਫ਼ੀ ਹੋ ਰਿਹਾ ਹੈ। ਉਧਰ, ਤਲਵੰਡੀ ਸਾਬੋ ਥਰਮਲ ਪਲਾਂਟ ਦੀ ਤਿੰਨ ਨੰਬਰ ਯੂਨਿਟ ਜਿਹੜੀ ਕਿ 8 ਮਾਰਚ ਤੋਂ ਬੰਦ ਹੈ, ਦੇ ਹਾਲੇ ਜਲਦੀ ਚੱਲਣ ਦੀ ਸੰਭਾਵਨਾ ਨਹੀਂ ਹੈ। ਇਸ ਪਲਾਂਟ ਦੀ ਦੋ ਨੰਬਰ ਯੂਨਿਟ ’ਚ ਵੀ ਅੱਜ ਤਕਨੀਕੀ ਨੁਕਸ ਪੈ ਗਿਆ ਦੱਸਿਆ ਜਾਂਦਾ ਹੈ। ਹਾਲੇ ਇਸ ਯੂਨਿਟ ਨੂੰ ਬੰਦ ਨਹੀਂ ਕੀਤਾ ਗਿਆ, ਪਰ ਅੱਜ ਦੁਪਹਿਰ ਤੋਂ ਇਸ ਯੂਨਿਟ ਨੂੰ ਅੱਧੇ ਲੋਡ ’ਤੇ ਕਰ ਦਿੱਤਾ ਗਿਆ ਹੈ। ਇਸ ਪਲਾਂਟ ਤੋਂ ਪੰਜਾਬ ਨੂੰ ਜਿੱਥੇ ਪਹਿਲਾਂ 660 ਮੈਗਾਵਾਟ ਬਿਜਲੀ ਦੀ ਤੋਟ ਸਹਿਣੀ ਪੈ ਰਹੀ ਸੀ, ਉੱਥੇ ਹੁਣ ਅੱਜ 330 ਮੈਗਾਵਾਟ ਦੀ ਹੋਰ ਘਾਟ ਸਹਿਣੀ ਪੈਣ ਲੱਗੀ ਹੈ। ਉਂਜ ਗੋਇੰਦਵਾਲ ਸਾਹਿਬ ਦੀ ਦੂਜੀ ਬੰਦ ਯੂਨਿਟ ਵੀ ਅੱਜ ਕਿਰਿਆਸ਼ੀਲ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਥਰਮਲ ਪਲਾਂਟਾ ਦੇ ਤਕਨੀਕੀ ਨੁਕਸਾਂ ਦੀ ਵਜ੍ਹਾ ਕਰ ਕੇ ਖੇਤੀ ਸਪਲਾਈ ’ਚ ਪਾਵਰਕੌਮ ਨੂੰ ਅਣ-ਐਲਾਨੇ ਕੱਟਾਂ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦਿਹਾਤੀ ਇਲਾਕਿਆਂ ’ਚ ਵੀ ਕੱਟਾਂ ਲਾਏ ਜਾ ਰਹੇ ਹਨ। ਪਾਵਰਕੌਮ ਦੇ ਇੱਕ ਅਧਿਕਾਰੀ ਨੇ ਮੰਨਿਆ ਕਿ ਤਲਵੰਡੀ ਸਾਬੋ ਦੀ ਦੂਜੀ ਯੂਨਿਟ ਨੂੰ ਅੱਧੇ ਲੋਡ ਦੀ ਉਤਪਾਦਨ ਸਮਰੱਥਾ ’ਤੇ ਕਰਨ ਨਾਲ ਬਿਜਲੀ ਉਤਪਾਦ ਨੂੰ ਝਟਕਾ ਲੱਗਿਆ ਹੈ।