ਰਵੇਲ ਸਿੰਘ ਭਿੰਡਰ/ ਕੁਲਦੀਪ ਸਿੰਘ
ਪਟਿਆਲਾ /ਚੰਡੀਗੜ੍ਹ, 2 ਜੁਲਾਈ
ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਦੇ ਆਗੂ ਸੁਰਿੰਦਰ ਪਾਲ ਗੁਰਦਾਸਪੁਰ ਨੇ ਅੱਜ ਤੇਰਵੇਂ ਦਿਨ ਮਰਨ ਵਰਤ ਸਮਾਪਤ ਕਰ ਦਿੱਤਾ ਹੈ ਪਰ ਟਾਵਰ ਸੰਘਰਸ਼ੀ ਕਾਰਕੁਨ ਵਲੋਂ ਸਰਕਾਰ ਦੇ ਲਿਖਤੀ ਭਰੋਸੇ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਭਾਵੇਂ ਅੱਜ ਚੰਡੀਗੜ੍ਹ ’ਚ ਯੂਨੀਅਨ ਦੇ ਨੁਮਾਇੰਦਿਆਂ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਰਮਿਆਨ ਬੈਠਕ ਦੋ ਘੰਟੇ ਚੱਲੀ ਪਰ ਮਾਮਲਾ ਅੱਜ ਵੀ ਕਿਸੇ ਸਿੱਟੇ ’ਤੇ ਨਹੀ ਪੁੱਜ ਸਕਿਆ।
ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਬੈਠਕ ਦੌਰਾਨ ਇਹੀ ਜ਼ੋਰ ਦਿੱਤਾ ਕਿ ਪਹਿਲਾਂ ਟਾਵਰ ਸੰਘਰਸ਼ੀ ਨੂੰ ਹੇਠਾਂ ਉਤਰਨਾ ਚਾਹੀਦਾ ਹੈ ਤੇ ਇਸ ਮਗਰੋਂ ਸਰਕਾਰ ਵਲੋਂ ਭਰਤੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯੂਨੀਅਨ ਨੇ ਈਟੀਟੀ ਟੈਟ ਪਾਸ ਲਈ 10 ਹਜ਼ਾਰ ਅਸਾਮੀਆਂ ਆਧਾਰਿਤ ਭਰਤੀ ਖੋਲ੍ਹਣ ਦੀ ਮੰਗ ’ਤੇ ਜ਼ੋਰ ਦਿੱਤਾ ਸੀ। ਪ੍ਰਧਾਨ ਕੰਬੋਜ ਨੇ ਦੱਸਿਆ ਕਿ ਭਾਵੇਂ ਮੌਖਿਕ ਤੌਰ ’ਤੇ ਸਰਕਾਰ ਨਾਲ ਕੁਝ ਗੱਲਾਂ ’ਤੇ ਸਹਿਮਤੀ ਬਣੀ ਹੈ, ਪ੍ਰੰਤੂ ਟਾਵਰ ਸੰਘਰਸ਼ ਸਮਾਪਤ ਕਰਨ ਬਾਰੇ ਮਾਮਲਾ ਫਿਲਹਾਲ ਵਿਚਾਲੇ ਲਟਕ ਗਿਆ ਹੈ। ਟਾਵਰ ਸੰਘਰਸ਼ੀ ਦਾ ਇਹੋ ਹੀ ਕਹਿਣਾ ਹੈ ਕਿ ਪਹਿਲਾਂ ਲਿਖਤੀ ਭਰੋਸਾ ਪ੍ਰਾਪਤ ਹੋਵੇ ਤੇ ਉਸ ਮਗਰੋਂ ਉਹ ਸੰਘਰਸ਼ ਨੂੰ ਤਿਆਗਣ ਬਾਰੇ ਸੋਚੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਕੁਲਦੀਪ ਖੋਖਰ ਆਦਿ ਨੇ ਕਿਹਾ ਕਿ ਮੀਟਿੰਗ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਜ਼ੁਬਾਨੀ ਭਰੋਸੇ ਉਤੇ ਵਿਸ਼ਵਾਸ ਨਹੀਂ ਕਰਨਗੇ।