ਪੱਤਰ ਪ੍ਰੇਰਕ
ਲਹਿਰਾਗਾਗਾ, 5 ਦਸੰਬਰ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮੰਨਿਆ ਕਿ ਉਨ੍ਹਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਸੀ ਪਰ ਗੱਲ ਹਾਲੇ ਸਿਰੇ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨਾਲ ਦੁਬਾਰਾ ਗੱਲਬਾਤ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਅਮਿਤ ਸ਼ਾਹ ਅੱਗੇ ਸਿੱਖ ਕੌਮ, ਕਿਸਾਨੀ ਅਤੇ ਪੰਜਾਬ ਦੇ ਹੋਰ ਮਸਲੇ ਰੱਖੇ ਜਾਣਗੇ। ਇਸ ਸਬੰਧੀ ਸਲਾਹ-ਮਸ਼ਵਰਾ ਕਰਨ ਲਈ ਉਨ੍ਹਾਂ ਨੇ ਛੇ ਦਸੰਬਰ ਨੂੰ ਮੁੱਖ ਦਫ਼ਤਰ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਸੱਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਗੱਲਬਾਤ ਨਹੀਂ ਹੋਈ। ਅੱਜ ਪਿੰਡ ਫਲੇੜਾ ’ਚ ਇੱਕ ਸਮਾਜਿਕ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਹੁਣ ਬਾਦਲਾਂ ਨੂੰ ਮੂੰਹ ਨਹੀਂ ਲਾ ਰਹੇ। ਬਾਦਲ ਦਲ ਲੋਕਾਂ ’ਚ ਆਪਣੀ ਹੈਸੀਅਤ ਗਵਾ ਚੁੱਕੇ ਹਨ। ‘ਆਪ’ ਨਾਲ ਚੱਲ ਰਹੀ ਚਰਚਾ ਬਾਰੇ ਢੀਂਡਸਾ ਨੇ ਕਿਹਾ ਕਿ ‘ਆਪ’ ਆਗੂ ਆਪਣੇ ਸੂਬਾ ਪ੍ਰਧਾਨ ਦੀ ਹੀ ਨਹੀਂ ਸੁਣਦੇ ਤਾਂ ਉਨ੍ਹਾਂ ਦੀ ਕੀ ਸੁਣਨਗੇ।