ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਸਤੰਬਰ
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਖ਼ਿਲਾਫ਼ ਚੱਲ ਰਹੇ ਵਿਵਾਦ ਦੇ ਮਾਮਲੇ ਵਿੱਚ ਤਖ਼ਤ ਦੇ ਪੰਜ ਪਿਆਰਿਆਂ ਨੇ ਕੱਲ੍ਹ ਉਨ੍ਹਾਂ ਨੂੰ ਤਨਖ਼ਾਹੀਆ ਐਲਾਨਿਆ ਹੈ। ਜਥੇਦਾਰ ਖ਼ਿਲਾਫ਼ ਦੋਸ਼ ਲਾਉਣ ਵਾਲੇ ਨੂੰ ਵੀ ਤਨਖ਼ਾਹ ਲਾਈ ਗਈ ਹੈ। ਇਸ ਸਬੰਧੀ ਜਾਰੀ ਕੀਤੇ ਹੁਕਮਨਾਮੇ ’ਤੇ ਤਖ਼ਤ ਦੇ ਸੀਨੀਅਰ ਗ੍ਰੰਥੀ ਭਾਈ ਦਲੀਪ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਗੁਰਦਿਆਲ ਸਿੰਘ, ਵਧੀਕ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ, ਗ੍ਰੰਥੀ ਭਾਈ ਸੁਖਦੇਵ ਸਿੰਘ ਅਤੇ ਗ੍ਰੰਥੀ ਪਰਸ਼ੂ ਰਾਮ ਸਿੰਘ ਵੱਲੋਂ ਦਸਤਖ਼ਤ ਕੀਤੇ ਗਏ ਹਨ। ਦੂਜੀ ਧਿਰ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ। ਇਸ ਤਿੰਨ ਦਿਨ ਦੇ ਸਮੇਂ ਦੌਰਾਨ ਉਹ ਰੋਜ਼ਾਨਾ ਇੱਕ ਘੰਟਾ ਜੋੜੇ ਝਾੜਨ ਤੇ ਭਾਂਡੇ ਮਾਂਜਣ ਉਪਰੰਤ ਮੁਆਫ਼ੀ ਲਈ ਅਰਦਾਸ ਕਰਵਾਉਣ।