ਗੁਰਬਖਸ਼ਪੁਰੀ
ਤਰਨ ਤਾਰਨ, 16 ਜੂਨ
ਇਲਾਕੇ ਦੇ ਪਿੰਡ ਲਾਲੂਘੁੰਮਣ ਦੇ 55 ਸਾਲਾ ਸੁਖਦੇਵ ਸਿੰਘ ਦੀ ਬੀਤੀ ਰਾਤ ਉਸ ਦੇ ਭਤੀਜੇ ਨੇ ਮਾਮੂਲੀ ਤਕਰਾਰ ਤੋਂ ਬਾਅਦ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ| ਤਾਏ ਨੂੰ ਮਾਰਨ ਮਗਰੋਂ ਮੁਲਜ਼ਮ ਨੇ ਉਸੇ ਹਥਿਆਰ ਨਾਲ ਖੁਦ ਨੂੰ ਵੀ ਗੋਲੀ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ| ਮੁਲਜ਼ਮ ਨੂੰ ਗੰਭੀਰ ਹਾਲਤ ਵਿੱਚ ਇਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ| ਡੀਐੱਸਪੀ ਸੁੱਚਾ ਸਿੰਘ ਬਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜੱਜਬੀਰ ਸਿੰਘ (22) ਵਜੋਂ ਕੀਤੀ ਗਈ ਹੈ| ਇਸ ਸਬੰਧੀ ਥਾਣਾ ਝਬਾਲ ਦੀ ਪੁਲੀਸ ਨੇ ਧਾਰਾ 302, 309 ਤਹਿਤ ਕੇਸ ਦਰਜ ਕੀਤਾ ਹੈ| ਮ੍ਰਿਤਕ ਦੇ ਲੜਕੇ ਪ੍ਰਭਜੀਤ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਕਿ ਮੁਲਜ਼ਮ ਰਾਤ ਵੇਲੇ ਆਪਣੇ ਘਰ ਕੋਠੇ ਤੋਂ ਉਨ੍ਹਾਂ ਦੇ ਘਰ ਦਾਖਲ ਹੋ ਗਿਆ ਤੇ ਉਸ ਦੇ ਸੁੱਤੇ ਹੋਏ ਪਿਤਾ ਨੂੰ ਉਠਾ ਕੇ ਗੋਲੀ ਮਾਰ ਦਿੱਤੀ| ਸੁਖਦੇਵ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ| ਇਸੇ ਦੌਰਾਨ ਮੁਲਜ਼ਮ ਨੇ ਵਾਪਸ ਜਾ ਕੇ ਖੁਦ ਨੂੰ ਵੀ ਗੋਲੀ ਮਾਰ ਲਈ| ਜੱਜਬੀਰ ਨੂੰ ਇੱਥੋਂ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰਾਂ ਨੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਅੰਮ੍ਰਿਤਸਰ ਰੈੱਫਰ ਕਰ ਦਿੱਤਾ| ਪਰਿਵਾਰ ਵਾਲਿਆਂ ਉਸ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਦਾਖਲ ਕਰਵਾ ਦਿੱਤਾ ਜਿੱਥੇ ਮੁਲਜ਼ਮ ਨੂੰ ਪੁਲੀਸ ਦੇ ਪਹਿਰੇ ਹੇਠ ਰੱਖਿਆ ਗਿਆ ਹੈ| ਵਾਰਦਾਤ ਵਿੱਚ ਵਰਤਿਆ ਹਥਿਆਰ ਗ਼ੈਰ ਕਾਨੂੰਨੀ ਤੇ ਦੇਸੀ ਦੱਸਿਆ ਜਾ ਰਿਹਾ ਹੈ| ਪ੍ਰਭਜੀਤ ਸਿੰਘ ਨੇ ਕਿਹਾ ਕਿ ਜੱਜਬੀਰ ਸਿੰਘ ਕਹਿ ਰਿਹਾ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਜੱਗੂ ਭਗਵਾਨਪੁਰੀਆ ਕਿਹਾ ਸੀ ਜਿਸ ਤੋਂ ਉਹ ਖਫ਼ਾ ਸੀ|