ਰਵੇਲ ਸਿੰਘ ਭਿੰਡਰ
ਪਟਿਆਲਾ, 17 ਅਗਸਤ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਦੀ ਅਗਵਾਈ ਹੇਠ ਸਿੰਡੀਕੇਟ ਦੀ ਆਨਲਾਈਨ ਵਿਧੀ ਰਾਹੀਂ ਮੀਟਿੰਗ ਹੋਈ। ਇਸ ਵਿਚ ਕਈ ਹੋਰ ਪ੍ਰਵਾਨਗੀਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੀ ‘ਇੰਟਲੈਕਚੁਅਲ ਪ੍ਰਾਪਰਟੀ ਰਾਈਟ ਅਤੇ ਟੈਕਨਾਲੋਜੀ ਟਰਾਂਸਫਰ ਪਾਲਿਸੀ’ ਨੂੰ ਪ੍ਰਵਾਨਗੀ ਦਿੱਤੀ ਗਈ।
ਮੀਟਿੰਗ ਦੌਰਾਨ ਵਾਈਸ ਚਾਂਸਲਰ ਡਾ. ਘੁੰਮਣ ਨੇ ਪਿਛਲੇ ਕੁਝ ਅਰਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਅਕਾਦਮਿਕ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਇੰਜਨੀਅਰਿੰਗ ਖੇਤਰ ਦੇ ਕੋਰਸਾਂ ਵਿਚ ਦਾਖ਼ਲਿਆਂ ਲਈ ਵਧੇਰੇ ਦਾਖ਼ਲਾ ਫਾਰਮ ਪ੍ਰਾਪਤ ਹੋਏ ਹਨ। ਇਸ ਤੋਂ ਇਲਾਵਾ ਆਗਾਮੀ ਸੈਸ਼ਨ ਦੌਰਾਨ ਦਾਖ਼ਲਾ ਲੈਣ ਦੇ ਚਾਹਵਾਨ ਕੌਮਾਂਤਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ ਦੁੱਗਣੀ ਹੈ। ਬੈਠਕ ਦੇ ਫ਼ੈਸਲਿਆਂ ਸਬੰਧੀ ਵਾਈਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਗਏ ‘ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ’ ਤੇ ‘ਇੰਟਲੈਕਚੁਅਲ ਪ੍ਰਾਪਰਟੀ ਰਾਈਟ ਅਤੇ ਟੈਕਨਾਲੋਜੀ ਟਰਾਂਸਫਰ ਪਾਲਿਸੀ’ ਨੂੰ ਸਿੰਡੀਕੇਟ ਵੱਲੋਂ ਪ੍ਰਵਾਨਗੀ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਜਾਰੀ ‘ਪ੍ਰੀ-ਆਡਿਟ ਆਫ਼ ਅਕਾਊਂਟ, ਪੰਜਾਬੀ ਯੂਨੀਵਰਸਿਟੀ’ ਵਾਲੇ ਆਦੇਸ਼ਾਂ ਨੂੰ ਮੰਨਣ ਦਾ ਫ਼ੈਸਲਾ ਲਿਆ ਗਿਆ। ਇਸ ਤੋਂ ਇਲਾਵਾ ਕੈਸ਼ ਅਧੀਨ ਤਰੱਕੀਆਂ ਨਾਲ ਸਬੰਧਤ ਕੇਸਾਂ ਅਤੇ ਵਾਧੂ ਚਾਰਜ ਵਾਲੇ ਅਹੁਦਿਆਂ ਸਬੰਧੀ ਅਤੇ ਨਿਯਮਾਂ ਅਨੁਸਾਰ ਰੁਟੀਨ ਕੇਸਾਂ ਵਿਚ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਲਏ ਫ਼ੈਸਲਿਆਂ ਨੂੰ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਇਸ ਵਾਰ ਦੀ ਮੀਟਿੰਗ ਵਿਚ ਯੂਨੀਵਰਸਿਟੀ ਨੇ ਪੜਤਾਲੀਆ ਕਮੇਟੀ ਵੱਲੋਂ ਸੌਂਪੀਆਂ ਜਾਂਚ ਰਿਪੋਰਟਾਂ ਪੇਸ਼ ਕਰਨ ਦੀ ਤਿਆਰੀ ਕੀਤੀ ਹੋਈ ਸੀ। ਇਸ ਸਬੰਧੀ ਪਹਿਲੀ ਰਿਪੋਰਟ ਨੂੰ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ ਵੱਲੋਂ ਪੜ੍ਹਨਾ ਸ਼ੁਰੂ ਕੀਤਾ ਤਾਂ ਕੁਝ ਮੈਂਬਰਾਂ ਨੇ ਸੁਝਾਇਆ ਕਿ ਮੀਟਿੰਗ ਦੌਰਾਨ ਇਨ੍ਹਾਂ ਰਿਪੋਰਟਾਂ ਨੂੰ ਪੜ੍ਹਨਾ ਅਤੇ ਵਿਚਾਰ ਚਰਚਾ ਕਰਨੀ ਸੰਭਵ ਨਹੀਂ। ਇਸ ਲਈ ਸਾਰੇ ਸਿੰਡੀਕੇਟ ਮੈਂਬਰਾਂ ਨੂੰ ਸੀਲਬੰਦ ਤਰੀਕੇ ਨਾਲ ਇਹ ਰਿਪੋਰਟਾਂ ਭੇਜ ਦਿੱਤੀਆਂ ਜਾਣ। ਇਸ ਬਾਰੇ ਸਰਬਸੰਮਤੀ ਨਾਲ ਫ਼ੈਸਲਾ ਹੋਇਆ ਕਿ ਅਗਲੀ ਸਿੰਡੀਕੇਟ ਮੀਟਿੰਗ ਵਿਚ ਇਸ ਬਾਰੇ ਚਰਚਾ ਕਰ ਲਈ ਜਾਵੇਗੀ।
ਮੀਟਿੰਗ ਵਿਚ ਸਕੱਤਰ ਉਚੇਰੀ ਸਿੱਖਿਆ ਵਿਭਾਗ ਰਾਹੁਲ ਭੰਡਾਰੀ, ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ, ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਡਾ. ਇੰਦੂ ਮਲਹੋਤਰਾ, ਪੰਜਾਬ ਸਰਕਾਰ ਵੱਲੋਂ ਨਾਮਜ਼ਦ ਹਰਿੰਦਰਪਾਲ ਸਿੰਘ ਹੈਰੀਮਾਨ, ਕੇ.ਡੀ. ਸਿੰਘ, ਨਰ ਬਹਾਦਰ ਵਰਮਾ, ਡਾਇਰੈਕਟਰ ਭਾਸ਼ਾ ਵਿਭਾਗ ਕਰਮਜੀਤ ਕੌਰ, ਡਾ. ਜਯੋਤਸਨਾ, ਡਾ. ਬੀ.ਐੱਸ. ਸੰਧੂ, ਡਾ. ਸਤਿਨਾਮ ਸਿੰਘ ਸੰਧੂ ਨੇ ਹਿੱਸਾ ਲਿਆ। ਮੀਟਿੰਗ ਦਾ ਏਜੰਡਾ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਪੜ੍ਹਿਆ।