ਸ਼ਸ਼ੀ ਪਾਲ ਜੈਨ
ਖਰੜ, 4 ਜੁਲਾਈ
ਖਰੜ ਸਦਰ ਪੁਲੀਸ ਨੇ ਨਜ਼ਦੀਕੀ ਪਿੰਡ ਸਵਾੜਾ ਵਿੱਚ ਕ੍ਰਿਕਟ ਮੈਚ ਦਾ ਆਨਲਾਈਨ ਪ੍ਰਸਾਰਨ ਸ੍ਰੀਲੰਕਾ ਵਿੱਚ ਖੇਡੀ ਜਾ ਰਹੀ ਲੀਗ ਵਜੋਂ ਕਰਨ ਦੇ ਦੋਸ਼ ਅਧੀਨ ਲੋਕਾਂ ਨਾਲ ਧੋਖਾਧੜੀ ਦੇ ਦੋਸ਼ ਹੇਠ ਕਾਬੂ ਕੀਤੇ ਦੋ ਵਿਅਕਤੀਆਂ ਪੰਕਜ ਤੇ ਰਾਜੂ ਦਾ ਅੱਜ ਇਥੋਂ ਦੀ ਅਦਾਲਤ ਨੇ ਸੋਮਵਾਰ ਤੱਕ ਪੁਲੀਸ ਰਿਮਾਂਡ ਦੇ ਦਿੱਤਾ ਹੈ। ਸੰਨੀ ਐਨਕੇਲਵ ਖਰੜ ਦੇ ਵਸਨੀਕ ਪਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ 4 ਮੁਲਜ਼ਮਾਂ ਪੰਕਜ ਅਤੇ ਗੋਲਡੀ ਵਾਸੀ ਵਿਕਟੋਰੀਆ ਰਾਈਟਸ ਜ਼ੀਰਕਪੁਰ ਅਤੇ ਵਰੁਨ ਕੁਮਾਰ ਵਾਸੀ ਖਰੜ ਅਤੇ ਸੁਵੀਨ ਦੇ ਵਿਰੁੱਧ ਧਾਰਾ 420 ਅਤੇ 120 ਬੀ ਅਤੇ ਪੰਜਾਬ ਗੈਂਬਲਿੰਗ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪਰਮਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆਂ ਕਿ ਕੁਝ ਦਿਨ ਪਹਿਲਾ ਉਸ ਦੇ ਜਾਣਕਾਰ ਗੋਲਡੀ ਅਤੇ ਪੰਕਜ ਨੇ ਉਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਨ੍ਹਾਂ ਬੱਚਿਆਂ ਦੇ ਫਰੈਂਡਲੀ ਕ੍ਰਿਕਟ ਟੂਰਨਾਮੈਂਟ ਕਰਵਾਉਣੇ ਹਨ। ਪਿੰਡ ਸਵਾੜਾ ਵਿਖੇ ਸਟੋਕਰ ਕ੍ਰਿਕਟ ਅਕੈਡਮੀ ਹੈ ਅਤੇ ਸ਼ਿਕਾਇਤਕਰਤਾ ਉਹ ਗਰਾਊਂਡ 29 ਜੂਨ ਤੋਂ 5 ਜੁਲਾਈ ਤੱਕ ਬੁੱਕ ਕਰਵਾ ਦੇਵੇ। ਸ਼ਿਕਾਇਤਕਰਤਾ ਨੇ ਅਕੈਡਮੀ ਪਹੁੰਚ ਕੇ ਉੱਥੋਂ ਦੇ ਇੰਚਾਰਜ ਰਿੰਕੂ ਨਹਿਰਾ ਨਾਲ ਸੰਪਰਕ ਕੀਤਾ ਅਤੇ 33 ਹਜ਼ਾਰ ਰੁਪਏ ਵਿੱਚ ਗਰਾਊਂਡ ਬੁੱਕ ਕਰਵਾ ਦਿੱਤਾ। ਉਸ ਨੂੰ ਪੰਕਜ ਅਤੇ ਗੋਲਡੀ ਨੇ 10 ਹਜ਼ਾਰ ਰੁਪਏ ਨਗਦ ਦੇ ਦਿੱਤੇ। ਉਸ ਨੇ ਇਹ ਰੁਪਏ ਅਕੈਡਮੀ ਦੇ ਇੰਚਾਰਜ ਰਿੰਕੂ ਨਹਿਰਾ ਦੇ ਖਾਤੇ ਵਿੱਚ ਟਰਾਂਸਫ਼ਰ ਕਰ ਦਿੱਤੇ। ਬਾਅਦ ਵਿੱਚ ਸ਼ਿਕਾਇਤਕਰਤਾ ਨੂੰ ਪਤਾ ਲੱਗਿਆ ਕਿ ਪੰਕਜ ਅਤੇ ਗੋਲਡੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਲੋਕਲ ਬੱਚੇ ਇਕੱਠੇ ਕਰਕੇ ਬੱਚਿਆਂ ਦੀਆਂ 4 ਟੀਮਾਂ ਬਣਾ ਕੇ ਇਹ ਟੂਰਨਾਮੈਂਟ ਕਰਵਾਇਆ ਅਤੇ ਇਸ ਟੂਰਨਾਮੈਂਟ ਸੀਰੀਜ਼ ਦਾ ਨਾਂ ਯੂਵੀਏ ਟੀ-20-ਪ੍ਰੀਮੀਅਰ ਲੀਗ। ਇਸ ਧੋਖਾਧੜੀ ਨਾਲ ਕਾਫ਼ੀ ਮਾਤਰਾ ਵਿੱਚ ਦੜਾ ਸੱਟਾ ਲਗਾਉਣ ਲਈ ਇਹ ਟੂਰਨਾਮੈਂਟ ਸ੍ਰੀਲੰਕਾ ਵਿੱਚ ਹੋਇਆ ਦਿਖਾ ਦਿੱਤਾ। ਸ਼ਿਕਾਇਤਕਰਤਾ ਨੇ ਜਦੋਂ ਗੋਲਡੀ ਅਤੇ ਪੰਕਜ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਅਤੇ 29 ਜੂਨ ਤੋਂ ਬਾਅਦ ਉਹ ਆਪਣਾ ਸਾਮਾਨ ਚੁੱਕ ਕੇ ਲੈ ਗਏ।