ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਪਰੈਲ
ਦਰਬਾਰ ਸਾਹਿਬ ਵਿਖੇ ਅੱਜ ਤੜਕੇ ਸ਼ੱਕੀ ਹਾਲਤ ’ਚ ਇੱਕ ਔਰਤ ਨੂੰ ਕਾਬੂ ਕੀਤਾ ਗਿਆ, ਜਿਸ ਨੂੰ ਪ੍ਰਬੰਧਕਾਂ ਅਤੇ ਸੰਗਤ ਨੇ ਪੁਲੀਸ ਹਵਾਲੇ ਕਰ ਦਿੱਤਾ ਹੈ। ਇਹ ਔਰਤ ਨੀਮ ਪਾਗਲ ਅਵਸਥਾ ਵਿੱਚ ਹੈ। ਉਸ ਨੂੰ ਤੜਕੇ ਪਾਲਕੀ ਸਾਹਿਬ ਦੀ ਰਵਾਨਗੀ ਤੋਂ ਕੁਝ ਸਮਾਂ ਪਹਿਲਾਂ ਕਾਬੂ ਕੀਤਾ ਗਿਆ। ਇਹ ਔਰਤ ਪਾਲਕੀ ਸਾਹਿਬ ਵਿਚ ਬੈਠਣ ਬਾਰੇ ਆਖ ਰਹੀ ਸੀ, ਜਿਸ ’ਤੇ ਸ਼ੱਕ ਹੋਣ ਮਗਰੋਂ ਸੰਗਤ ਨੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਅਤੇ ਇਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਇਸ ਔਰਤ ਦੀ ਕੋਈ ਸ਼ਨਾਖਤ ਨਹੀਂ ਹੈ ਅਤੇ ਨੀਮ ਪਾਗਲ ਜਾਪਦੀ ਹੈ। ਇਸ ਨੂੰ ਪਹਿਲਾਂ ਵੀ ਪੁਲੀਸ ਨੂੰ ਸੌਂਪਿਆ ਗਿਆ ਸੀ। ਐਤਕੀਂ ਇਸ ਨੂੰ ਪੁਲੀਸ ਰਾਹੀਂ ਸਰਕਾਰੀ ਮਨੋਰੋਗ ਹਸਪਤਾਲ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਚੱਲ ਰਹੀਆਂ ਅਫਵਾਹਾਂ ਨੂੰ ਉਨ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ।