ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 30 ਮਈ
ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਸ਼ੱਕੀ ਕਰੋਲਾ ਗੱਡੀ ਦੇ ਤਾਰ ਪਿੰਡ ਭਾਗੀਵਾਂਦਰ ਨਾਲ ਜੁੜਦੇ ਨਜ਼ਰ ਆ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੇ ਨੇੜਲੇ ਪਿੰਡ ਭਾਗੀਵਾਂਦਰ ਦੇ ਇੱਕ ਨੌਜਵਾਨ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ ਪਰ ਕਿਸੇ ਵੀ ਪੁਲੀਸ ਅਧਿਕਾਰੀ ਨੇ ਅਜੇ ਇਸ ਸਬੰਧੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੱਕੀ ਕਰੋਲਾ ਗੱਡੀ ਦੇ ਮਾਮਲੇ ਵਿੱਚ ਕੁਝ ਸਬੂਤ ਹੱਥ ਲੱਗਦਿਆਂ ਹੀ ਬਠਿੰਡਾ ਸੀਆਈਏ ਸਟਾਫ ਨੇ ਬੀਤੀ ਦੇਰ ਰਾਤ ਇਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਵੀ ਪਤਾ ਲੱਗਿਆ ਹੈ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਤਲਵੰਡੀ ਸਾਬੋ ਸ਼ਹਿਰ ਵਿੱਚ ਵੀ ਕਈ ਥਾਈਂ ਛਾਪਾ ਮਾਰਿਆ ਹੈ ਪਰ ਕੋਈ ਵੀ ਪੁਲੀਸ ਅਧਿਕਾਰੀ ਇਸ ਮਾਮਲੇ ਸਬੰਧੀ ਅਜੇ ਕੁਝ ਵੀ ਬੋਲਣ ਲਈ ਤਿਆਰ ਨਹੀਂ। ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਥਾਣਾ ਮੁਖੀ ਤਲਵੰਡੀ ਸਾਬੋ, ਡੀਐੱਸਪੀ ਤਲਵੰਡੀ ਸਾਬੋ ਜਾਂ ਸੀਆਈਏ ਦੇ ਕਿਸੇ ਅਧਿਕਾਰੀ ਨਾਲ ਰਾਬਤਾ ਨਹੀਂ ਬਣ ਸਕਿਆ।
ਭੂੰਦੜਵਾਸ ਨਾਲ ਸਬੰਧਤ ਹੈ ਲੁੱਟੀ ਗਈ ਆਲਟੋ ਕਾਰ
ਟੋਹਾਣਾ (ਗੁਰਦੀਪ ਸਿੰਘ ਭੱਟੀ): ਮੂਸੇਵਾਲਾ ਕਤਲ ਕਾਂਡ ਦੌਰਾਨ ਖੋਹੀ ਗਈ ਆਲਟੋ ਕਾਰ ਪਿੰਡ ਭੂੰਦੜਵਾਸ ਦੇ ਵਸਨੀਕ ਜਸਤਾਰ ਸਿੰਘ ਦੀ ਹੈ। ਉਸ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮੱਖਣ ਸਿੰਘ, ਆਪਣੀ ਮਾਤਾ ਅਤੇ ਦੋ ਬੱਚਿਆਂ ਨਾਲ ਆਪਣੀ ਬਿਮਾਰ ਭਾਣਜੀ ਨੂੰ ਮਿਲਣ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਖੜਗਸਿੰਘ ਵਾਲਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਕਰੀਬ ਪੌਣੇ ਛੇ ਵਜੇ ਮਾਨਸਾ ਕੋਲ ਕਰੋਲਾ ਅਤੇ ਬੋਲੈਰੋ ਗੱਡੀ ਵਿੱਚ ਸਵਾਰ ਹੋ ਕੇ ਆਏ ਵਿਅਕਤੀ ਉਸ ਦੀ ਆਲਟੋ ਕਾਰ ਖੋਹ ਕੇ ਫ਼ਰਾਰ ਹੋ ਗਏ ਅਤੇ ਕਰੋਲਾ ਗੱਡੀ ਉੱਥੇ ਹੀ ਛੱਡ ਗਏ। ਪੰਜਾਬ ਪੁਲੀਸ ਨੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।