ਜਗਮੋਹਨ ਸਿੰਘ
ਰੂਪਨਗਰ, 30 ਅਗਸਤ
ਖਣਨ ਵਿਭਾਗ ਵੱਲੋਂ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਜ਼ਿਲ੍ਹਾ ਰੂਪਨਗਰ ਦੇ ਠੇਕੇਦਾਰਾਂ ਦੇ ਖਣਨ ਠੇਕੇ ਦੂਜੀ ਵਾਰ ਮੁਅੱਤਲ ਕਰ ਦਿੱਤੇ ਗਏ ਹਨ। ਠੇਕੇ ਮੁਅੱਤਲ ਕੀਤੇ ਜਾਣ ਦਾ ਕਾਰਨ ਖਣਨ ਠੇਕੇਦਾਰ ਵੱਲੋਂ ਵਿਭਾਗ ਨੂੰ ਜਮ੍ਹਾਂ ਕਰਵਾਈ ਜਾਣ ਵਾਲੀ ਰਾਸ਼ੀ ਦੀਆਂ ਕਿਸ਼ਤਾਂ ਜਮ੍ਹਾਂ ਨਾ ਕਰਵਾਉਣਾ ਦੱਸਿਆ ਜਾ ਰਿਹਾ ਹੈ। ਠੇਕੇ ਮੁਅੱਤਲ ਹੋਣ ਉਪਰੰਤ ਖਣਨ ਵਿਭਾਗ ਵੱਲੋਂ ਕਰੱਸ਼ਰ ਮਾਲਕਾਂ ਨੂੰ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ ਠੇਕੇਦਾਰਾਂ ਦੇ ਲਾਇਸੈਂਸ ਰੱਦ ਕਰਨ ਉਪਰੰਤ ਉਹ ਆਪਣੇ ਕਰੱਸ਼ਰ ਚਲਾਉਣ ਲਈ ਕੱਚੇ ਮਾਲ ਦਾ ਪ੍ਰਬੰਧ ਕਿਵੇਂ ਕਰਨਗੇ। ਰੂਪਨਗਰ ਜ਼ਿਲ੍ਹੇ ਦੇ ਸਾਰੇ ਕਰੱਸ਼ਰ ਮਾਲਕਾਂ ਨੂੰ ਖਣਨ ਵਿਭਾਗ ਵੱਲੋਂ ਪੱਤਰ ਜਾਰੀ ਕਰਨ ਉਪਰੰਤ ਸਮੁੱਚੀ ਕਰੱਸ਼ਰ ਇੰਡਸਟਰੀ ਵਿੱਚ ਹਲਚਲ ਮੱਚ ਗਈ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਉਪਰੰਤ ਇਹ ਦੂਜੀ ਵਾਰ ਹੈ, ਜਦੋਂ ਰੂਪਨਗਰ ਜ਼ਿਲ੍ਹੇ ਦੇ ਖਣਨ ਠੇਕੇਦਾਰ ਦੇ ਠੇਕੇ ਮਅੱਤਲ ਕੀਤੇ ਗਏ ਹਨ।
ਠੇਕੇ ਮੁਅੱਤਲ ਕਰਨ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ: ਠੇਕੇਦਾਰ
ਖਣਨ ਠੇਕੇਦਾਰ ਰਾਕੇਸ਼ ਚੌਧਰੀ ਨੇ ਕਿਹਾ ਕਿ ਉਹ ਇਕਰਾਰਨਾਮੇ ਅਨੁਸਾਰ ਲੋੜੀਂਦੀ ਰਕਮ ਤੋਂ ਵੱਧ ਰਕਮ ਪਹਿਲਾਂ ਹੀ ਜਮ੍ਹਾਂ ਕਰਵਾ ਚੁੱਕੇ ਹਨ ਅਤੇ ਉਨ੍ਹਾਂ ਨੇ ਖਣਨ ਠੇਕੇ ਮੁਅੱਤਲ ਕਰਨ ਨੂੰ ਅਦਾਲਤ ਵਿੱਚ ਚੁਣੌਤੀ ਦੇ ਦਿੱਤੀ ਹੈ।