ਗੁਰਬਖ਼ਸ਼ਪੁਰੀ
ਤਰਨ ਤਾਰਨ, 31 ਅਗਸਤ
ਥਾਣਾ ਸਿਟੀ ਪੁਲੀਸ ਨੇ ਸੋਮਵਾਰ ਤੇ ਮੰਗਲਵਾਰ ਦੀ ਅੱਧੀ ਰਾਤ ਨੂੰ ਪਿੰਡ ਜੌਹਲ ਢਾਏਵਾਲਾ ਦੇ ਵਸਨੀਕ ਨੂੰ ਕਾਬੂ ਕਰ ਕੇ ਉਸ ਕੋਲੋਂ ਦੋ ਹੱਥਗੋਲੇ ਬਰਾਮਦ ਕੀਤੇ ਹਨ| ਇਸ ਵਿਅਕਤੀ ਦੀ ਸ਼ਨਾਖਤ ਸਰੂਪ ਸਿੰਘ (36) ਵਜੋਂ ਦੱਸੀ ਗਈ ਹੈ ਤੇ ਉਸ ਦਾ ਸਬੰਧ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਅਨੁਸਾਰ ਸਰੂਪ ਸਿੰਘ ਨੂੰ ਕਾਬੂ ਕੀਤੇ ਜਾਣ ਨਾਲ ਸਰਹੱਦੀ ਸੂਬੇ ’ਚ ਸੰਭਾਵੀ ਦਹਿਸ਼ਤੀ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹਵਾਲੇ ਨਾਲ ਅੱਜ ਇਥੇ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਕਿ ਸਰੂਪ ਸਿੰਘ ਕੋਲੋਂ ਚੀਨ ਦੇ ਬਣੇ ਪੀ-86 ਮਾਰਕੇ ਦੇ 2 ਹੱਥਗੋਲੇ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਸ ਕੋਲੋਂ ਦੋ ਸਿੰਮਾਂ ਵਾਲਾ ਇਕ ਮੋਬਾਈਲ, 1300 ਰੁਪਏ ਦੀ ਭਾਰਤੀ ਕਰੰਸੀ, ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਵੀ ਬਰਾਮਦ ਕੀਤਾ ਗਿਆ ਹੈ| ਉਹ ਤਰਨ ਤਾਰਨ ਸ਼ਹਿਰ ਨੇੜਲੇ ਪਿੰਡ ਕੱਕਾ ਕੰਡਿਆਲਾ ਨੇੜੇ ਮੋਟਰਸਾਈਕਲ ’ਤੇ ਕਿੱਧਰੇ ਜਾ ਰਿਹਾ ਸੀ ਅਤੇ ਪੁਲੀਸ ਦੇ ਕਾਬੂ ਆ ਗਿਆ| ਸੂਬੇ ਦੀ ਪੁਲੀਸ ਨੇ ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਵਾਂ ਤੋਂ ਹੱਥਗੋਲੇ ਅਤੇ ਆਰਡੀਐਕਸ ਨਾਲ ਭਰੇ ਟਿਫਿਨ ਬਾਕਸਾਂ ਤੋਂ ਇਲਾਵਾ ਹੋਰ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਪੁਲੀਸ ਇਸ ਨੂੰ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਵੱਡੀਆਂ ਕੋਸ਼ਿਸ਼ਾਂ ਦੇ ਸੰਕੇਤ ਵਜੋਂ ਦੇਖ ਰਹੀ ਹੈ|
ਮੁੱਢਲੀ ਪੜਤਾਲ ਦੌਰਾਨ ਸਰੂਪ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਬੈਠੇ ਦਹਿਸ਼ਤੀ ਸੰਚਾਲਕਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਜਿਨ੍ਹਾਂ ਨੇ ਉਸ ਨੂੰ ਹੋਰ ਕੱਟੜਪੰਥੀ ਬਣਾਇਆ ਅਤੇ ਪੰਜਾਬ ਵਿੱਚ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਪ੍ਰੇਰਿਆ। ਪੁਲੀਸ ਨੇ ਦੱਸਿਆ ਕਿ ਵਿਦੇਸ਼ੀ ਸੰਚਾਲਕਾਂ ਨੇ ਸਰੂਪ ਸਿੰਘ ਲਈ 2 ਹੱਥਗੋਲਿਆਂ ਦੀ ਖੇਪ ਦਾ ਪ੍ਰਬੰਧ ਕੀਤਾ। ਉਹ ਪਹਿਲਾਂ ਹੀ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਕੁਝ ਸੰਵੇਦਨਸ਼ੀਲ ਨਿਸ਼ਾਨਿਆਂ ਦੀ ਰੇਕੀ ਕਰ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਮੋਬਾਈਲ ਫੋਨ ਵਿੱਚੋਂ ਇਕ ਸਿਖਲਾਈ ਵੀਡੀਓ ਵੀ ਮਿਲੀ ਹੈ, ਜਿਸ ਵਿੱਚ ਵਿਦੇਸ਼ੀ ਸੰਚਾਲਕ ਉਸ ਨੂੰ ਹੱਥਗੋਲੇ ਨੂੰ ਸਫ਼ਲਤਾਪੂਰਵਕ ਵਿਸਫੋਟ ਕਰਨ ਬਾਰੇ ਦੱਸ ਰਹੇ ਹਨ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਸਾਰੀਆਂ ਖੇਪਾਂ ਸਰਹੱਦ ਪਾਰੋਂ ਵੱਖ-ਵੱਖ ਦਹਿਸ਼ਤੀ ਸੰਗਠਨਾਂ ਵੱਲੋਂ ਪੰਜਾਬ ਵਿੱਚ ਅਤਿਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਭੇਜੀਆਂ ਜਾ ਰਹੀਆਂ ਹਨ। ਸਥਾਨਕ ਥਾਣਾ ਸਿਟੀ ਪੁਲੀਸ ਨੇ ਵਿਸਫੋਟਕ ਪਦਾਰਥ (ਸੋਧ) ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ| ਸਰੂਪ ਸਿੰਘ ਅਜੇ ਕੁੰਵਾਰਾ ਹੈ ਤੇ ਉਸ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ| ਉਸ ਕੋਲ ਢਾਈ ਕਨਾਲ ਜ਼ਮੀਨ ਹੈ| ਉਹ ਗੁਜਰਾਤ ਜਾਂ ਕਿਸੇ ਹੋਰ ਸੂਬੇ ਅੰਦਰ ਡਰਾਈਵਰੀ ਕਰਦਾ ਸੀ ਅਤੇ ਤਿੰਨ ਕੁ ਦਿਨ ਪਹਿਲਾਂ ਹੀ ਇਲਾਕੇ ਅੰਦਰ ਆਇਆ ਸੀ| ਉਸ ਦੀ ਬਿਰਧ ਮਾਤਾ ਆਪਣੇ ਲੜਕੇ ਦੇ ਕਿਸੇ ਵੀ ਅਪਰਾਧ ਤੋਂ ਅਨਜਾਣ ਹੈ|