ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਜੁਲਾਈ
ਪੀਏਯੂ ਦੇ ਖੇਤੀ ਮਾਹਿਰਾਂ ਦੀ ਟੀਮ ਨੇ ਅੱਜ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਤੇ ਸਹਿਯੋਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀਪੀ ਐੱਸ ਸੋਢੀ ਦੀ ਅਗਵਾਈ ਹੇਠ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਖੋਖਰ ਖੁਰਦ, ਖੋਖਰ ਕਲਾਂ, ਰਮਦਿੱਤੇ ਵਾਲਾ, ਭੰਮੇ ਖੁਰਦ ਭੰਮੇ ਕਲਾਂ, ਰਮਾਨੰਦੀ, ਲਾਲਿਆਂਵਾਲੀ, ਕੋਟ ਧਰਮੂ, ਸਹਿਨਾਂਵਾਲੀ ਅਤੇ ਹੋਰਨਾਂ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਨਿਰੀਖਣ ਕੀਤਾ। ਟੀਮ ਵਿੱਚ ਡਾ. ਪਰਮਜੀਤ ਸਿੰਘ, ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬਠਿੰਡਾ, ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਅਤੇ ਡਾ. ਰਣਵੀਰ ਸਿੰਘ ਸਹਾਇਕ ਪ੍ਰੋਫੈਸਰ, ਪੌਦ ਸੁਰੱਖਿਆ, ਕ੍ਰਿਸ਼ੀ ਵਿਗਿਆਨ ਕੇਂਦਰ ਵੀ ਸ਼ਾਮਲ ਸਨ। ਸਰਵੇਖਣ ਦੌਰਾਨ ਪਾਇਆ ਗਿਆ ਕਿ ਤਿੰਨ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਆਰਥਿਕ ਪੱਧਰ ਤੋਂ ਵਧੇਰੇ ਸੀ। ਮਾਹਿਰਾਂ ਵੱਲੋਂ ਕਿਸਾਨਾਂ ਨੂੰ ਚਿੱਟੀ ਮੱਖੀ ਦੀ ਰੋਕਥਾਮ ਲਈ ਦਵਾਈ ਦੇ ਛਿੜਕਾਅ ਦਾ ਸੁਝਾਅ ਦਿੱਤਾ ਗਿਆ। ਉਨ੍ਹਾਂ ਗੈਰ-ਸਿਫਾਰਸ਼ੀ ਸਪੇਰਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਵੀ ਦਿੱਤੀ। ਟੀਮ ਵੱਲੋਂ ਇਹ ਵੀ ਵੇਖਿਆ ਗਿਆ ਕਿ ਕੁਝ ਖੇਤਾਂ ਵਿੱਚ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਲਈ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਯੂਰੀਆ ਖਾਦ ਦੀ ਵਰਤੋਂ ਨਹੀਂ ਕੀਤੀ ਗਈ। ਇਸ ਕਰਕੇ ਨਰਮੇ ਦੀ ਫਸਲ ਦਾ ਪੂਰਾ ਵਿਕਾਸ ਨਹੀਂ ਹੋਇਆ। ਸਰਵੇਖਣ ਦੌਰਾਨ ਦੋ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਿਆ ਗਿਆ ਜੋ ਕਿ ਆਰਥਿਕ ਪੱਧਰ ਤੋਂ ਘੱਟ ਸੀ। ਮਾਹਿਰਾਂ ਵੱਲੋਂ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਲਗਾਤਾਰ ਸੁਚੇਤ ਰਹਿਣ ਲਈ ਕਿਹਾ ਗਿਆ।