ਨੂਰਪੁਰ ਬੇਦੀ (ਬਲਵਿੰਦਰ ਰੈਤ): ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਵੱਲੋਂ ਕਿਸਾਨਾਂ ਵਿਰੁੱਧ ਮੰਦੀ ਸ਼ਬਦਾਬਲੀ ਦਾ ਇਸਤੇਮਾਲ ਕੀਤੇ ਜਾਣ ਵਿਰੁੱਧ ਅੱਜ ਇੱਥੇ ਕਿਸਾਨਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪਿੰਡ ਕਲਵਾਂ ਵਿੱਚ ਸੁੱਖ ਅੰਮ੍ਰਿਤ ਫਾਰਮ ’ਚ ਸਥਿਤ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਦੀ ਰਿਹਾਇਸ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਪੰਜਾਬ ਦੇ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਜਪਾ ਦੇ ਇਸ ਆਗੂ ਵੱਲੋਂ ਕਿਸਾਨਾਂ ਨੂੰ ਅਤਿਵਾਦੀ ਕਿਹਾ ਜਾਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਲਾਲਪੁਰਾ ਨੂੰ ਇਸ ਹਰਕਤ ’ਤੇ ਬਿਨਾ ਸ਼ਰਤ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਕਿਸਾਨ ਇਸ ਦਾ ਬੋਰੀਆ ਬਿਸਤਰਾ ਗੋਲ ਕਰਕੇ ਛੱਣਗੇ। ਘਿਰਾਓ ’ਚ ਸਰਕਾਰੀ ਕਾਲਜ ਰੂਪਨਗਰ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਹੋਈਆਂ। ਇਸ ਤੋਂ ਪਹਿਲਾਂ ਕਿਸਾਨਾਂ ਨੇ ਝੱਜ ਚੌਕ ਵਿੱਚ ਇਕੱਠੇ ਹੋ ਕੇ ਕਾਫਲੇ ਦੇ ਰੂਪ ਵਿੱਚ ਕਲਵਾਂ ਲਾਲਪੁਰਾ ਦੀ ਰਿਹਾਇਸ਼ ਵੱਲ ਕੂਚ ਕੀਤਾ। ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕਣ ਦਾ ਯਤਨ ਵੀ ਕੀਤਾ ਗਿਆ ਪਰ ਸਫ਼ਲ ਨਹੀਂ ਹੋ ਸਕੀ।