ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ’ਚ ਪਿਛਲੇ ਕਰੀਬ ਦਸ ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਈਟੀਟੀ ਟੈਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਦੀ ਸਿਹਤ ਵਿਗੜਨ ਲੱਗੀ ਹੈ। ਉਸ ਦਾ ਟੈਂਕੀ ’ਤੇੇ ਛੇ ਦਿਨਾਂ ਤੋਂ ਮਰਨ ਵਰਤ ਜਾਰੀ ਹੈ। ਸਿਹਤ ਵਿਗੜਨ ਬਾਰੇ ਸੂਚਨਾ ਮਿਲਣ ’ਤੇ ਮੈਡੀਕਲ ਟੀਮ ਸੁਰਿੰਦਰਪਾਲ ਦੀ ਮੈਡੀਕਲ ਜਾਂਚ ਲਈ ਪੁੱਜੀ ਸੀ, ਪਰ ਉਸ ਨੇ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ। ਫੋਨ ’ਤੇ ਗੱਲਬਾਤ ਕਰਦਿਆਂ ਬੇਰੁਜ਼ਗਾਰ ਅਧਿਆਪਕ ਸੁਰਿੰਦਰਪਾਲ ਨੇ ਦੱਸਿਆ ਕਿ ਸ਼ੂਗਰ ਘਟਣ ਕਾਰਨ ਉਸ ਤੋਂ ਖੜ੍ਹਾ ਨਹੀਂ ਹੋਇਆ ਜਾਂਦਾ। ਉਨ੍ਹਾਂ ਦੱਸਿਆ ਕਿ ਮੈਡੀਕਲ ਚੈਪਅੱਪ ਲਈ ਇੱਕ ਟੀਮ ਪੁੱਜੀ ਸੀ, ਪਰ ਉਸ ਨੇ ਮੈਡੀਕਲ ਜਾਂਚ ਲਈ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ। ਬੇਰੁਜ਼ਗਾਰ ਅਧਿਆਪਕ ਦੇ ਸਾਥੀ ਅੱਜ ਟੈਂਕੀ ਉਪਰ ਚੜ੍ਹੇ ਅਤੇ ਨੇ ਸੁਰਿੰਦਰਪਾਲ ਦੇ ਸਰੀਰ ਦੀ ਮਾਲਿਸ਼ ਆਦਿ ਕੀਤੀ। ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਜੇਕਰ ਸੁਰਿੰਦਰਪਾਲ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।