ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਕਤੂਬਰ
ਈਟੀਟੀ ਟੈਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਸ਼ਹਿਰ ’ਚ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਬੇਰੁਜ਼ਗਾਰ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਛੇਵੇਂ ਦਿਨ ਵੀ ਡਟਿਆ ਰਿਹਾ ਜਿਸ ਦਾ ਅੱਜ ਲਗਾਤਾਰ ਦੂਜੇ ਦਿਨ ਵੀ ਮਰਨ ਵਰਤ ਜਾਰੀ ਰਿਹਾ।
ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ 2364 ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰਾਉਣ ਲਈ ਸਰਕਾਰ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਨਹੀਂ ਕਰਦੀ, ਉਦੋਂ ਤੱਕ ਨਾ ਉਹ ਟੈਂਕੀ ਤੋਂ ਹੇਠਾਂ ਉਤਰੇਗਾ ਅਤੇ ਨਾ ਹੀ ਮਰਨ ਵਰਤ ਖ਼ਤਮ ਕਰੇਗਾ। ਟੈਂਕੀ ਉਪਰ ਚੜ੍ਹੇ ਮਰਨ ਵਰਤੀ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਦਾ 16 ਅਕਤੂਬਰ ਨੂੰ ਜਨਮ ਦਿਨ ਹੈ ਜਿਸ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਜਨਮ ਦਿਨ ਟੈਂਕੀ ਉਪਰ ਹੀ ਮਨਾਏਗਾ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਮਜਬੂਰੀ ਵੱਸ ਟੈਂਕੀ ਉਪਰ ਹੀ ਕੇਕ ਕੱਟੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਜਨਮ ਦਿਨ ਦਾ ਕੇਕ ਕੱਟ ਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਭੇਜੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਜਲਦ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕਰ ਦੇਵੇਗੀ ਪਰੰਤੂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸੰਸਦ ਮੈਂਬਰ ਹੁੰਦਿਆਂ ਭਗਵੰਤ ਮਾਨ ਵੱਲੋਂ ਉਨ੍ਹਾਂ ਨਾਲ ਗੱਲ ਕਰਦਿਆਂ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਬਣਦਿਆਂ ਹੀ ਮਸਲਾ ਹੱਲ ਕਰ ਦਿੱਤਾ ਜਾਵੇਗਾ ਅਤੇ ਕਿਸੇ ਵੀ ਵਰਗ ਨੂੰ ਰੋਸ ਧਰਨੇ/ਪ੍ਰਦਰਸ਼ਨ ਕਰਨ ਅਤੇ ਟੈਂਕੀਆਂ ਉਪਰ ਚੜ੍ਹਨ ਦੀ ਲੋੜ ਨਹੀਂ ਪਵੇਗੀ ਪਰੰਤੂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਖਾਸ ਸਰਕਾਰ ਬਣੀ ਨਜ਼ਰ ਆ ਰਹੀ ਹੈ, ਜਿਸ ਨੂੰ ਨਾ ਟੈਂਕੀ ’ਤੇ ਚੜ੍ਹੇ ਅਤੇ ਨਾ ਹੀ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਨਜ਼ਰ ਆ ਰਹੇ ਹਨ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਗੁਰਜੰਟ ਪਟਿਆਲਾ, ਸੁਖਚੈਨ ਸਿੰਘ, ਗੁਰਜਿੰਦਰ ਸਿੰਘ, ਬਲਵਿੰਦਰ ਸਿੰਘ, ਗੋਪੀ, ਸੁਰਿੰਦਰ ਫਤਿਹਗੜ੍ਹ ਸਾਹਿਬ, ਸੁੱਖੀ ਨਾਭਾ, ਜੀਵਨ ਸੰਗਰੂਰ, ਗਗਨ ਮਾਨਸਾ, ਮਨਪ੍ਰੀਤ ਮਾਨਸਾ, ਕੁਲਦੀਪ ਚਹਿਲ, ਹਰਅਵਤਾਰ, ਸੰਦੀਪ, ਗੁਰਜੀਵਨ ਮਾਨਸਾ ਅਤੇ ਹੋਰ ਸਾਥੀ ਮੌਜੂਦ ਸਨ।