ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 21 ਅਗਸਤ
ਸੁਪਰੀਮ ਕੋਰਟ ਨੇ ਤਰਨਤਾਰਨ ਧਮਾਕੇ ਦੇ ਮਾਮਲੇ ਦੇ ਮੁਲਜ਼ਮ ਤੇ ਖਾਲਿਸਤਾਨੀ ਸਮਰਥਕ ਮਲਕੀਤ ਸਿੰਘ ਉਰਫ ਸ਼ੇਰਾ ਦੀ ਜ਼ਮਾਨਤ ਦੀ ਅਰਜ਼ੀ ਅੱਜ ਖਾਰਜ ਕਰ ਦਿੱਤੀ। ਜਸਟਿਸ ਐੱਨਵੀ ਰਮਨਾ ਦੀ ਅਗਵਾਈ ਵਾਲੇ ਬੈਂਚ ਨੇ ਸ਼ੇਰਾ ਦੀ ਪਟੀਸ਼ਨ ਖਾਰਜ ਕਰ ਦਿੱਤੀ। ਸ਼ੇਰਾ ਨੇ ਕਿਹਾ ਸੀ ਕਿ ਉਹ ਸੂਗਰ ਦਾ ਮਰੀਜ਼ ਹੈ ਤੇ ਉਸ ਨੂੰ ਡਾਕਟਰੀ ਆਧਾਰ ‘ਤੇ ਜ਼ਮਾਨਤ ਦਿੱਤੀ ਜਾਵੇ। ਐੱਨਆਈਏ ਨੇ ਇਸ ਸਾਲ ਮਾਰਚ ਵਿੱਚ ਮਲਕੀਤ ਸਿੰਘ ਸਣੇ ਨੌਂ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। 4 ਸਤੰਬਰ 2018 ਨੂੰ ਤਰਨ ਤਾਰਨ ਜ਼ਿਲੇ ਦੇ ਪੰਡੋਰੀ ਗੋਲਾ ਦੇ ਬਾਹਰੀ ਹਿੱਸੇ ਵਿਚ ਹੋਏ ਧਮਾਕੇ ਵਿਚ ਗੁਰਜੰਟ ਸਿੰਘ ਦੀਆਂ ਅੱਖਾਂ ਚਲੀਆਂ ਗਈਆਂ ਸਨ, ਜਦੋਂਕਿ ਇਸ ਧਮਾਕੇ ਵਿਚ ਵਿਕਰਮ ਸਿੰਘ ਅਤੇ ਹਰਪ੍ਰੀਤ ਸਿੰਘ ਮਾਰੇ ਗਏ ਸਨ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਮੁਹਾਲੀ ਵਿਚਲੀ ਐੱਨਆਈਏ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।