ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 26 ਜੂਨ
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਜਿੱਤਣ ’ਤੇ ਹਲਕਾ ਤਲਵੰਡੀ ਸਾਬੋ ਦੇ ਪਾਰਟੀ ਆਗੂ ਤੇ ਵਰਕਰ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।
ਸਿਮਰਨਜੀਤ ਸਿੰਘ ਮਾਨ ਦੇ ਜਿੱਤਣ ਦੀ ਖ਼ਬਰ ਸੁਣਦਿਆਂ ਹੀ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਤੇ ਵਰਕਰ ਪਹਿਲਾਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਤਖ਼ਤ ਸਾਹਿਬ ਵਿਖੇ ਇਕੱਠੇ ਹੋਏ ਤੇ ਸ਼ੁਕਰਾਨੇ ਵਜੋਂ ਮੱਥਾ ਟੇਕ ਕੇ ਅਰਦਾਸ ਕੀਤੀ। ਇਸ ਮਗਰੋਂ ਉਨ੍ਹਾਂ ਤਲਵੰਡੀ ਸਾਬੋ ਦੇ ਖੰਡਾ ਚੌਕ ਵਿੱਚ ਪਹੁੰਚ ਕੇ ਜਿੱਥੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਨਾਅਰੇ ਲਾਏ, ਉੱਥੇ ਹੀ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਉਨ੍ਹਾਂ ਸੰਗਰੂਰ ਦੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪਾਰਟੀ ਆਗੂਆਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਸੰਸਦ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਪੂਰੇ ਜ਼ੋਰ ਨਾਲ ਉਠਾਉਣਗੇ।
ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਜਗਸੀਰ ਸਿੰਘ ਸੀਰਾ, ਸੀਨੀਅਰ ਆਗੂ ਸੁਖਦੇਵ ਸਿੰਘ ਕਿੰਗਰਾ, ਲਛਮਣ ਸਿੰਘ ਭਾਗੀਵਾਂਦਰ, ਸੁਖਦੇਵ ਸਿੰਘ ਲਹਿਰੀ, ਰਾਮ ਸਿੰਘ ਲੇਲੇਵਾਲਾ, ਪੱਪੀ ਮਲਕਾਣਾ, ਸਰਕਲ ਜਥੇਦਾਰ ਗੁਰਜੀਤ ਸਿੰਘ ਕੋਟ ਬਖ਼ਤੂ, ਗੁਰਬਚਨ ਸਿੰਘ ਤੇ ਸਿਕੰਦਰ ਸਿੰਘ ਜੱਜਲ, ਤੇਜ ਭਾਗੀਵਾਂਦਰ ਤੇ ਅਮਰ ਸਿੰਘ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਭੁੱਚੋ ਮੰਡੀ ਦੀ ਗੁਰੂ ਤੇਗ ਬਹਾਦਰ ਮਾਰਕੀਟ ਵਿੱਚ ਸਮਰਥਕਾਂ ਨੇ ਦੇਸੀ ਘਿਓ ਦੇ ਲੱਡੂ ਵੰਡੇ ਅਤੇ ਉਨ੍ਹਾਂ ਦੇ ਹੱਕ ਵਿੱਚ ਨਾਅਰੇ ਲਾਏ।