ਜਸਬੀਰ ਸਿੰਘ ਚਾਨਾ
ਫਗਵਾੜਾ, 8 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਲੋਕ ਇਨਸਾਫ਼ ਪਾਰਟੀ ਨੇ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਪਾਰਟੀ ਵਰਕਰ ਕੇਂਦਰੀ ਰਾਜ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਊਲੀਕੇ ਪ੍ਰੋਗਰਾਮ ਤਹਿਤ ਅਰਬਨ ਅਸਟੇਟ ਵੱਲ ਰਵਾਨਾ ਹੋਏ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕਾਂ ਲਾ ਕੇ ਰਸਤੇ ਵਿੱਚ ਰੋਕ ਲਿਆ। ਇਸ ਤੋਂ ਰੋਹ ਵਿਚ ਆਏ ਵਰਕਰਾਂ ਨੇ ਸੜਕ ’ਤੇ ਧਰਨਾ ਸ਼ੁਰੂ ਕਰ ਦਿੱਤਾ। ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਨ੍ਹਾਂ ਦੀ ਪਾਰਟੀ ਕਿਸਾਨਾਂ ਨਾਲ ਹਰ ਮੋਰਚੇ ’ਤੇ ਖੜ੍ਹੇਗੀ। ਉਨ੍ਹਾਂ ਆਖਿਆ ਕਿ ਉਹ ਮੰਤਰੀ ਦੀ ਸੋਚ ਨੂੰ ਜਗਾਉਣ ਆਏ ਹਨ ਕਿ ਉਹ ਪੰਜਾਬੀ ਹਨ ਅਤੇ ਪੰਜਾਬ ਦੀ ਕਿਸਾਨੀ ਦੇ ਹਰ ਦੁੱਖ ਨੂੰ ਸਮਝਦੇ ਹਨ ਤੇ ਕਿਸਾਨਾਂ ਦੀਆਂ ਵੋਟਾਂ ਨਾਲ ਹੀ ਮੰਤਰੀ ਦੀ ਕੁਰਸੀ ’ਤੇ ਬੈਠੇ ਹਨ। ਇਸ ਲਈ ਉਹ ਇਸ ਕਾਨੂੰਨ ਨੂੰ ਰੱਦ ਕਰਵਾਉਣ। ਉਨ੍ਹਾਂ ਆਖਿਆ ਕਿ 25 ਸਾਲ ਬਾਅਦ ਵੀ ਬਾਦਲ ਪਰਿਵਾਰ ਦੀ ਜ਼ਮੀਰ ਨਹੀਂ ਜਾਗੀ। ਹੁਣ ਜਦੋਂ ਬਾਦਲਾਂ ਨੂੰ ਸਿਆਸੀ ਕੁਰਸੀ ਖਿਸਕਦੀ ਨਜ਼ਰ ਆਈ ਤਾਂ ਉਨ੍ਹਾਂ ਭਾਜਪਾ ਨਾਲੋਂ ਨਾਤਾ ਤੋੜ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਆਗੂਆਂ ਨੂੰ ਆਪਣੀ ਜ਼ਮੀਰ ਜਗਾ ਕੇ ਇਸ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਫੌਰੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਸ ਨੂੰ ਕਾਨੂੰਨ ਰੱਦ ਕਰਨ ਅਤੇ ਸਾਲ 2017 ’ਚ ਬਣਾਏ ਐਗਰੀਕਲਚ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਨੂੰ ਤੁਰੰਤ ਮਨਸੂਖ ਕੀਤਾ ਜਾਵੇ। ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਖ਼ਰੀਦ ਸਮਰਥਨ ਬਿੱਲ ਬਣਾਇਆ ਜਾਵੇ ਤੇ ਘੱਟ ਕੀਮਤ ’ਤੇ ਖ਼ਰੀਦ ਕਰਨ ਵਾਲੇ ਖ਼ਿਲਾਫ਼ ਗੈਰਜ਼ਮਾਨਤੀ ਕੇਸ ਦਰਜ ਕਰਨਾ ਸ਼ਾਮਲ ਹੋਵੇ ਤੇ ਸੂਬੇ ਦੀ ਫ਼ਸਲ ਖਰੀਦਣ ਦਾ ਹੱਕ ਸਿਰਫ਼ ਪੰਜਾਬ ਦੇ ਵਾਸੀ ਨੂੰ ਹੀ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਗੰਨਾ ਪ੍ਰਾਈਵੇਟ ਮਿੱਲਾਂ ਖਰੀਦੀਆਂ ਹਨ ਤੇ ਲੰਬਾ ਸਮਾਂ ਪੈਸੇ ਨਹੀਂ ਦਿੰਦੀਆਂ, ਜਿਸ ਕਾਰਨ ਕਿਸਾਨਾਂ ਨੂੰ ਧਰਨੇ ਲਾਉਣੇ ਪੈਂਦੇ ਹਨ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਲਾਠੀਚਾਰਜ ਦੀ ਨਿੰਦਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਿਰਤੀ ਕਿਸਾਨ ਯੂਨੀਅਨ ਨੇ ਸਿਰਸਾ ਵਿੱਚ ਅੰਦੋਲਨਕਾਰੀ ਕਿਸਾਨਾਂ ’ਤੇ ਪੁਲੀਸ ਲਾਠੀਚਾਰਜ ਦੀ ਨਿੰਦਾ ਕੀਤੀ ਹੈ। ਯੂਨੀਅਨ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਅਤੇ ਪ੍ਰਧਾਨ ਦਾਤਾਰ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਅੱਤਿਆਚਾਰ ਨੇ ਫਾਸ਼ੀਵਾਦੀ ਪਾਰਟੀ ਦਾ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਸੀ ਤੇ ਪੁਲੀਸ ਨੇ ਬਿਨਾਂ ਕਿਸੇ ਠੋਸ ਕਾਰਨ ਦੇ ਕਿਸਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ ਭਾਜਪਾ ਸਰਕਾਰਾਂ ਨੂੰ ਕਿਸਾਨ ਮੂੰਹ ਤੋੜ ਜਵਾਬ ਦੇਣਗੇ।