ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਮਾਰਚ
ਯੂਕਰੇਨ ਤੋਂ ਅੱਜ ਹੋਰ ਸੱਤ ਵਿਦਿਆਰਥੀ ਇੱਥੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ ਹਨ, ਜਿਨ੍ਹਾਂ ਦਾ ਮਾਪਿਆਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਹਵਾਈ ਅੱਡੇ ’ਤੇ ਮੌਜੂਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਸ਼ੁਕਰ ਮਨਾਇਆ। ਅੰਮ੍ਰਿਤਸਰ ਦੀ ਵਿਦਿਆਰਥਣ ਆਕ੍ਰਿਤੀ ਨੇ ਦੱਸਿਆ ਕਿ ਖਾਰਕੀਵ ਤੋਂ ਦੋ ਦਿਨ ਬੱਸ ਦੀ ਯਾਤਰਾ ਕਰਕੇ ਉਹ ਯੂਕਰੇਨ ਸਰਹੱਦ ’ਤੇ ਪੁੱਜੀ ਸੀ, ਜਿੱਥੋਂ ਅੱਗੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵਾਪਸ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਬੰਬਾਰੀ ਦੌਰਾਨ ਉਹ ਵੱਖ ਵੱਖ ਥਾਈਂ ਜ਼ਮੀਨਦੋਜ਼ ਬਣੀਆਂ ਸੁਰੱਖਿਅਤ ਥਾਵਾਂ ’ਤੇ ਰਹੀ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਸ ਨੇ ਪਹਿਲਾਂ ਵਾਪਸੀ ਲਈ ਟਿਕਟਾਂ ਵੀ ਬੁੱਕ ਕਰਾਈ ਸੀ ਪਰ ਅਚਨਚੇਤੀ ਜੰਗ ਸ਼ੁਰੂ ਹੋ ਗਈ ਅਤੇ ਉਡਾਣਾਂ ਬੰਦ ਹੋ ਗਈਆਂ, ਜਿਸ ਕਾਰਨ ਉਸ ਨੂੰ ਪਰਤਣ ਵਿੱਚ ਕਈ ਦਿਨ ਲੱਗ ਗਏ। ਅੱਜ ਪਰਤੇ ਵਿਦਿਆਰਥੀਆਂ ਵਿੱਚ ਅਮਨਪ੍ਰੀਤ ਕੌਰ, ਆਕ੍ਰਿਤੀ ਸ਼ਰਮਾ, ਅਮਨਦੀਪ ਸਿੰਘ, ਸਕਸ਼ਮ ਸ਼ਰਮਾ, ਹਰਮਨਪ੍ਰੀਤ ਕੌਰ, ਹਰਰੂਪ ਸਿੰਘ ਸ਼ਾਮਲ ਸੀ।
ਸਿਆਸੀ ਗੱਲ ਕਰਨ ਤੋਂ ਗੁਰੇਜ਼ ਕੀਤਾ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਬੱਚਿਆਂ ਦੀ ਵਾਪਸੀ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਖੁਸ਼ੀ ਤੇ ਹੌਸਲਾ ਮਿਲਿਆ ਹੈ। ਇਸ ਮੌਕੇ ਉਨ੍ਹਾਂ ਸਿਆਸੀ ਗੱਲ ਕਰਨ ਤੋਂ ਗੁਰੇਜ਼ ਕੀਤਾ। ਚੱਲ ਰਹੇ ਐਗਜ਼ਿਟ ਪੋਲ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਵਿੱਚ ਹੁਣ ਚੰਦ ਦਿਨ ਬਾਕੀ ਰਹਿ ਗਏ ਹਨ ਅਤੇ ਸਾਰੀ ਤਸਵੀਰ ਸਾਹਮਣੇ ਆ ਜਾਵੇਗੀ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵਲੋਂ ਕਾਂਗਰਸ ਦੁਆਰਾ ਆਪ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਇਕ ਬਿਆਨ ਬਾਰੇ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਬੀਬੀ ਭੱਠਲ ਸੀਨੀਅਰ ਆਗੂ ਹਨ ਅਤੇ ਉਹ ਉਨ੍ਹਾਂ ਦੇ ਬਿਆਨ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।