ਰਾਜਿੰਦਰ ਕੁਮਾਰ
ਬਲੂਆਣਾ, 9 ਫਰਵਰੀ
ਸਿਆਸਤ ਤੋਂ ਦੂਰ ਰਹਿਣ ਦਾ ਐਲਾਨ ਕਰਨ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਵਿਰੋਧੀਆਂ ਦੀਆਂ ਪੈੜਾਂ ਨੱਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਜੱਦੀ ਹਲਕੇ ਅਬੋਹਰ ਦੇ ਪਿੰਡ ਅਜੀਮਗੜ੍ਹ ਤੋਂ ਸੁਨੀਲ ਜਾਖੜ ਨੇ ਆਪਣੇ ਭਤੀਜੇ ਸੰਦੀਪ ਜਾਖੜ ਦੇ ਹੱਕ ਵਿੱਚ ਪਹਿਲਾਂ ਚੋਣ ਜਲਸਾ ਕੀਤਾ। ਕਾਂਗਰਸੀ ਆਗੂ ਹੰਸ ਕੁਮਾਰ ਦੇ ਘਰ ਰੱਖੇ ਛੋਟੇ ਜਿਹੇ ਸਮਾਗਮ ਵਿੱਚ ਜਾਖੜ ਨੇ ਬੇਹੱਦ ਸਾਦਗੀ ਨਾਲ ਆਪਣਾ ਜਨਮ ਦਿਨ ਵਰਕਰਾਂ ਵਿੱਚ ਬੈਠ ਕੇ ਮਨਾਇਆ। ਉਨ੍ਹਾਂ ਕਿਹਾ ਕਿ ਜਾਖੜ ਪਰਿਵਾਰ ਅੱਜ ਸਿਆਸਤ ਦੇ ਜਿਸ ਮੁਕਾਮ ’ਤੇ ਹੈ ਉਹ ਸਭ ਅਬੋਹਰ ਦੇ ਲੋਕਾਂ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੁਖੀ ਅਤੇ ਕੌਮਾਂਤਰੀ ਪੱਧਰ ’ਤੇ ਅਬੋਹਰ ਦੀ ਪਛਾਣ ਬਣਾਉਣ ਵਾਲੇ ਚੌਧਰੀ ਬਲਰਾਮ ਜਾਖੜ ਨੂੰ ਪਹਿਲੀ ਵਾਰ ਅਬੋਹਰ ਦੇ ਲੋਕਾਂ ਨੇ ਸੱਤਵੇਂ ਦਹਾਕੇ ਵਿੱਚ ਵਿਧਾਇਕ ਚੁਣਿਆ ਸੀ, ਇਸ ਲਈ ਲੋਕਾਂ ਤੋਂ ਮਿਲੇ ਪਿਆਰ ਤੇ ਸਤਿਕਾਰ ਲਈ ਪਰਿਵਾਰ ਉਨ੍ਹਾਂ ਦਾ ਰਿਣੀ ਹੈ।
ਜ਼ਿਕਰਯੋਗ ਹੈ ਕਿ ਜਾਖੜ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਮੈਂਬਰ ਅਤੇ ਸੁਨੀਲ ਜਾਖੜ ਦੇ ਵੱਡੇ ਭਰਾ ਮਰਹੂਮ ਚੌਧਰੀ ਸੁਰਿੰਦਰ ਜਾਖੜ ਦੇ ਪੁੱਤਰ ਸੰਦੀਪ ਕੁਮਾਰ ਜਾਖੜ ਅਬੋਹਰ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਅੱਜ ਸੁਨੀਲ ਜਾਖੜ ਨੇ ਅਬੋਹਰ ਵਿੱਚ ਚਾਰ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਅਬੋਹਰ ਦੇ ਮੇਅਰ ਵਿਮਲ ਠਠਈ, ਡਿਪਟੀ ਮੇਅਰ ਚੌਧਰੀ ਰਾਜ ਕੁਮਾਰ, ਉੱਘੇ ਕਾਂਗਰਸੀ ਆਗੂ ਹੰਸ ਕੁਮਾਰ ਤੇ ਸੰਜੀਵ ਚਾਹਰ ਤੋਂ ਇਲਾਵਾ ਨਗਰ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਧੀਰ ਨਾਗਪਾਲ ਹਾਜ਼ਰ ਸਨ।