ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਮਾਰਚ
ਪੰਜਾਬ ਦੀ ਸਭ ਤੋਂ ਚਰਚਿਤ ਸੀਟ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ‘ਆਪ’ ਉਮੀਦਵਾਰ ਜੀਵਨਜੋਤ ਕੌਰ ਨੂੰ ਜਿਤਾ ਦਿੱਤਾ ਹੈ। ਜਦੋਂਕਿ ਵੱਡੇ ਸਿਆਸੀ ਧੁਨੰਤਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਚਿੱਤ ਕਰ ਦਿੱਤਾ ਹੈ। ਜੀਵਨਜੋਤ ਕੌਰ ਨੇ ਨਵਜੋਤ ਸਿੰਘ ਸਿੱਧੂ ਨੂੰ 6750 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਪੂਰਬੀ ਵਿਧਾਨ ਸਭਾ ਹਲਕੇ ਵਿੱਚ ਪਹਿਲੀ ਵਾਰ ਚੋਣ ਲੜ ਰਹੀ ‘ਆਪ’ ਉਮੀਦਵਾਰ ਜੀਵਨਜੋਤ ਕੌਰ ਨੇ 39,679 ਵੋਟਾਂ ਪ੍ਰਾਪਤ ਕੀਤੀਆਂ ਹਨ, ਜਦੋਂਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ 32,929 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੂੰ 25,188 ਵੋਟਾਂ ਮਿਲੀਆਂ ਹਨ।
ਭਾਜਪਾ ਦੇ ਉਮੀਦਵਾਰ ਡਾ. ਜਗਮੋਹਨ ਸਿੰਘ ਰਾਜੂ ਸਾਬਕਾ ਆਈਏਐੱਸ ਅਧਿਕਾਰੀ ਨੂੰ ਸਿਰਫ 7286 ਵੋਟਾਂ ਮਿਲੀਆਂ ਹਨ। ਇਸ ਹਲਕੇ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਦੇ ਹਰਪਾਲ ਸਿੰਘ ਨੂੰ 912, ਬਹੁਜਨ ਮੁਕਤੀ ਪਾਰਟੀ ਦੇ ਤਰਸੇਮ ਲਾਲ ਨੂੰ 208, ਆਸ ਪੰਜਾਬ ਪਾਰਟੀ ਦੇ ਰਾਮੇਸ਼ ਸ਼ੁਕਲਾ ਸਫਰ, ਜੋ ਕਿ ਪੱਤਰਕਾਰ ਵੀ ਹਨ, ਨੂੰ 194, ਤਿੰਨ ਆਜ਼ਾਦ ਉਮੀਦਵਾਰਾਂ ਵਿੱਚ ਸ਼ਾਮਲ ਅਮਰਜੀਤ ਸਿੰਘ ਨੂੰ 307, ਸੁਖਜਿੰਦਰ ਸਿੰਘ 349, ਬਲਵਿੰਦਰ ਸਿੰਘ ਸੇਖੋਂ ਨੂੰ 261 ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ 690 ਜਣਿਆਂ ਨੇ ਨੋਟਾ ਦਾ ਬਟਨ ਦਬਾਇਆ ਹੈ।
ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਨੇ ਹਲਕੇ ਵਿੱਚੋਂ ਜਿੱਤੇ ‘ਆਪ’ ਉਮੀਦਵਾਰ ਨੂੰ ਭਾਵੇਂ ਵਧਾਈ ਦਿੱਤੀ ਹੈ ਪਰ ਉਹ ਆਖਰੀ ਮੌਕੇ ਤੱਕ ਆਪਣੀ ਜਿੱਤ ਦਾ ਦਾਅਵਾ ਕਰਦੇ ਰਹੇ ਹਨ। 2004 ਤੋਂ ਲਗਾਤਾਰ ਸੰਸਦ ਮੈਂਬਰ ਅਤੇ ਮੁੜ ਵਿਧਾਇਕ ਵਜੋਂ ਚੋਣਾਂ ਜਿੱਤਦੇ ਰਹੇ ਸ੍ਰੀ ਸਿੱਧੂ ਦੇ ਸਿਆਸੀ ਕਰੀਅਰ ਦੀ ਇਹ ਪਹਿਲੀ ਹਾਰ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਇਸ ਹਲਕੇ ਵਿਚ ਚੋਣ ਲੜਣ ਲਈ ਭਾਵੇਂ ਮਜੀਠਾ ਹਲਕਾ ਛੱਡ ਦਿੱਤਾ ਸੀ ਪਰ ਇਸ ਦੇ ਬਾਵਜੂਦ ਲੋਕਾਂ ਨੇ ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਹੈ। ਨਸ਼ਿਆਂ ਦੇ ਮਾਮਲੇ ਵਿੱਚ ਕੇਸ ਦਰਜ ਹੋਣਾ ਵੀ ਉਨ੍ਹਾਂ ਦੀ ਹਾਰ ਦਾ ਇਕ ਵੱਡਾ ਕਾਰਨ ਬਣਿਆ ਹੈ। ਉਨ੍ਹਾਂ ਦੇ ਸਿਆਸੀ ਕਰੀਅਰ ਦੀ ਵੀ ਇਹ ਪਹਿਲੀ ਹਾਰ ਹੈ।
‘ਵਿਕਾਸ ਨੂੰ ਤਰਜੀਹ ਦਿਆਂਗੇ’
‘ਆਪ’ ਦੀ ਜੇਤੂ ਉਮੀਦਵਾਰ ਜੀਵਨਜੋਤ ਕੌਰ ਲਗਪਗ 50 ਵਰ੍ਹਿਆਂ ਦੇ ਹਨ ਅਤੇ ਐੱਲਐੱਲਬੀ ਪਾਸ ਹਨ। ਜੀਵਨਜੋਤ ਕੌਰ ਨੇ ਕਿਹਾ ਕਿ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਭਰੋਸਾ ਉਠ ਚੁੱਕਿਆ ਹੈ, ਇਹੀ ਕਾਰਨ ਹੈ ਕਿ ਕਈ ਵੱਡੇ ਸਿਆਸੀ ਥੰਮ ਡਿੱਗੇ ਹਨ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਔਰਤਾਂ ਦੀ ਵੱਡੀ ਜਿੱਤ ਹੈ। ਔਰਤਾਂ ਨੂੰ ਸਰਗਰਮ ਸਿਆਸਤ ਵਿੱਚ ਆਉਣਾ ਚਾਹੀਦਾ ਹੈ।