ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 18 ਜਨਵਰੀ
ਕਿਸਾਨੀ ਮੁੱਦਿਆਂ ਸਬੰਧੀ ਕੇਂਦਰ ਸਰਕਾਰ ਖ਼ਿਲਾਫ਼ ਇਤਿਹਾਸ ਦਾ ਸਭ ਤੋਂ ਲੰਮਾ ਸੰਘਰਸ਼ ਜਿੱਤਣ ਮਗਰੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂ ਸਿੱਧੇ ਜਾਂ ਅਸਿੱਧੇ ਤੌਰ ’ਤੇ ਪੰਜਾਬ ਚੋਣਾਂ ਵਿੱਚ ਰੁੱਝ ਗਏ ਹਨ ਪਰ ਐੱਮਐੱਸਪੀ ਤੋਂ ਇਲਾਵਾ ਸੰਘਰਸ਼ ਦੌਰਾਨ ਕਿਸਾਨਾਂ ਵਿਰੁੱਧ ਦਿੱਲੀ ਅਤੇ ਨੇੜਲੇ ਸੂਬਿਆਂ ਵਿੱਚ ਦਰਜ ਹੋਏ ਕੇਸ ਰੱਦ ਕਰਵਾਉਣ ਲਈ ਮਾਲਵੇ ਦੇ ਕੁੱਝ ਕਿਸਾਨ ਹਾਲੇ ਵੀ ਹਰਿਆਣਾ ਦੇ ਸਾਥੀਆਂ ਸਮੇਤ ਸਿੰਘੂ ਹੱਦ ਨੇੜੇ ਡਟੇ ਹੋਏ ਹਨ।
ਉਂਜ, ਸੰਯੁਕਤ ਕਿਸਾਨ ਮੋਰਚੇ ਨੇ ਵੀ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਕਰਵਾਉਣ ਸਬੰਧੀ ਕੇਂਦਰ ਸਰਕਾਰ ’ਤੇ ਜ਼ੋਰ ਪਾਉਣ ਲਈ 31 ਜਨਵਰੀ ਨੂੰ ਦਿੱਲੀ ਵਿੱਚ ਵੱਡਾ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਕਿਸਾਨ ਆਗੂ ਕੁਲਦੀਪ ਸਿੰਘ ਦੌਧਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਗਵਾਈ ਹੇਠ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਪਰਿਵਾਰਾਂ ਸਮੇਤ ਦਿੱਲੀ ਮੋਰਚਿਆਂ ਵਿੱਚ ਸ਼ਿਰਕਤ ਕਰਦੇ ਰਹੇ ਹਨ। ਇਸ ਦੌਰਾਨ ਦਿੱਲੀ ਵਿੱਚ ਸ਼ਾਂਤਮਈ ਪ੍ਰਦਰਸ਼ਨਾਂ ਦੌਰਾਨ ਉਨ੍ਹਾਂ ਦੇ ਕੁੱਝ ਕਾਰਕੁਨਾਂ ਖ਼ਿਲਾਫ਼ ਨਾਜਾਇਜ਼ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਨੂੰ ਵਾਪਸ ਕਰਵਾਉਣ ਦਾ ਭਰੋਸਾ ਕਿਸਾਨ ਮੋਰਚੇ ਦੇ ਆਗੂਆਂ ਨੇ ਕਈ ਵਾਰ ਦਿੱਤਾ ਸੀ ਪਰ ਜਿਸ ਢੰਗ ਨਾਲ ਸੰਯੁਕਤ ਮੋਰਚੇ ਨੇ ਬਿਨਾਂ ਐੱਮਐੱਸਪੀ ਲਾਗੂ ਕਰਵਾਏ ਅਤੇ ਬਗੈਰ ਪਰਚੇ ਰੱਦ ਕਰਵਾਏ ਸੰਘਰਸ਼ ਵਾਪਸ ਲੈਣ ਦਾ ਕਾਹਲੀ ਵਿੱਚ ਐਲਾਨ ਕੀਤਾ, ਉਸ ਨਾਲ ਉਨ੍ਹਾਂ ਦੇ ਕਾਰਕੁਨਾਂ ਨੂੰ ਭਾਰੀ ਨਮੋਸ਼ੀ ਹੋਈ ਅਤੇ ਉਨ੍ਹਾਂ ਫ਼ੈਸਲਾ ਕੀਤਾ ਕਿ ਜਦੋਂ ਤੱਕ ਮੰਨੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ, ਉਹ ਸਿੰਘੂ ਹੱਦ ਨੇੜੇ ਆਪਣੇ ਮੋਰਚੇ ’ਤੇ ਡਟੇ ਰਹਿਣਗੇ।
ਉਨ੍ਹਾਂ ਨੂੰ ਸਾਥੀਆਂ ਸਮੇਤ ਦਿੱਲੀ ਦੀ ਇੱਕ ਅਦਾਲਤ ਵੱਲੋਂ ਮੁੜ 2 ਫਰਵਰੀ ਨੂੰ ਖ਼ੁਦ ਪੇਸ਼ ਹੋਣ ਬਾਰੇ ਮਿਲੇ ਸੰਮਨ ਦਿਖਾਉਂਦਿਆਂ ਕੁਲਦੀਪ ਸਿੰਘ ਦੌਧਰ ਨੇ ਦੱਸਿਆ ਕਿ ਜੁਲਾਈ ’ਚ ਉਨ੍ਹਾਂ ਖ਼ਿਲਾਫ਼ ਧਾਰਾ 188 ਤੇ 34 ਅਧੀਨ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚਾ ਇਹੋ ਜਿਹੇ ਪਰਚੇ ਵੀ ਰੱਦ ਨਹੀਂ ਕਰਵਾ ਸਕਿਆ, ਜਿਸ ਵਿੱਚ ਉਨ੍ਹਾਂ ਨੇ ਇਜਾਜ਼ਤ ਲੈ ਕੇ ਖੁਦ ਨੂੰ ਜੰਜ਼ੀਰਾਂ ’ਚ ਜਕੜ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਮਾਰਗ ਵੱਲ ਸ਼ਾਂਤਮਈ ਰੋਸ ਮਾਰਚ ਕੀਤਾ ਸੀ।
ਦਿੱਲੀ ਵਿੱਚ 31 ਜਨਵਰੀ ਨੂੰ ਵੱਡਾ ਧਰਨਾ ਦਿੱਤਾ ਜਾਵੇਗਾ: ਲਤਾਲਾ
ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਬਲਦੇਵ ਸਿੰਘ ਲਤਾਲਾ ਨੇ ਦਾਅਵਾ ਕੀਤਾ ਕਿ ਸੰਯੁਕਤ ਮੋਰਚੇ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਜਾ ਚੁੱਕਾ ਹੈ ਕਿ ਸੰਘਰਸ਼ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਹੋਏ ਕੇਸ ਰੱਦ ਕਰਵਾਉਣ ਲਈ ਸਰਕਾਰ ’ਤੇ ਜ਼ੋਰ ਪਾਉਣ ਦੇ ਮੰਤਵ ਨਾਲ ਦਿੱਲੀ ਵਿੱਚ 31 ਜਨਵਰੀ ਨੂੰ ਵੱਡਾ ਧਰਨਾ ਦਿੱਤਾ ਜਾਵੇਗਾ, ਜਿਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।