ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਫ਼ਰਵਰੀ
ਇੱਥੋਂ ਦਾ ਨੌਜਵਾਨ ਸੁਮਿਤ ਕੁਮਾਰ ਵੀ ਰੂਸ ਵੱਲੋਂ ਯੂਕਰੇਨ ’ਤੇ ਫੌਜੀ ਹਮਲੇ ਦੌਰਾਨ ਯੂਕਰੇਨ ਵਿੱਚ ਫਸ ਗਿਆ ਹੈ। ਇਸ ਸਬੰਧੀ ਨਾਹਰ ਚੰਦ ਵਾਸੀ ਚਹਿਲਾਂ ਪੱਤੀ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਪੜ੍ਹਾਈ ਲਈ ਯੂਕਰੇਨ ਗਿਆ ਉਸ ਦਾ ਪੁੱਤਰ ਸੁਮਿਤ ਕੁਮਾਰ ਸ਼ਹਿਰ ਪੁਲਟਾਵਾ ’ਚ ਫਸਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੁਮਿਤ ਕੁਮਾਰ ਨੇ ਪੁਲਟਾਵਾ ਯੂਨੀਵਰਸਿਟੀ ਆਫ਼ ਇਕਨੌਮਿਕਸ ਐਂਡ ਟਰੇਡ ਵਿੱਚ ਦਾਖ਼ਲਾ ਲਿਆ ਹੋਇਆ ਹੈ। ਉਹ ਅਜੇ ਯੂਕਰੇਨ ਦੀ ਭਾਸ਼ਾ ਦੀ ਪੜ੍ਹਾਈ ਕਰ ਰਿਹਾ ਹੈ ਤੇ ਸਾਲ ਮਗਰੋਂ ਉਸ ਨੇ ਉੱਚ ਵਿੱਦਿਆ ਲਈ ਦਾਖ਼ਲਾ ਲੈਣਾ ਸੀ। ਉਨ੍ਹਾਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਉਸ ਦੇ ਪੁੱਤਰ ਸਮੇਤ ਯੂਕਰੇਨ ਵਿੱਚ ਫਸੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦਾ ਪ੍ਰਬੰਧ ਕਰਨ।