ਪੱਤਰ ਪ੍ਰੇਰਕ
ਮਾਨਸਾ, 9 ਜੂਨ
ਪੰਜਾਬ ਅਤੇ ਨਾਲ ਦੇ ਗੁਆਂਢੀ ਸੂਬਿਆਂ ਵਿੱਚ ਅਗਾਮੀ ਪੂਰਾ ਹਫ਼ਤਾ ਗਰਮੀ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਇਸ ਦੌਰਾਨ 44 ਡਿਗਰੀ ਤੋਂ ਵੱਧ ਤਾਪਮਾਨ ਨਾਲ ਲੂ ਚੱਲਣ ਦੀ ਵੀ ਸੰਭਾਵਨਾ ਹੈ। ਹਾਲਾਂਕਿ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆ ਸਕਦੀ ਹੈ ਪਰ ਲੋਕਾਂ ਨੂੰ ਤਪਸ਼ ਤੋਂ ਕੋਈ ਰਾਹਤ ਨਹੀਂ ਮਿਲੇਗੀ।
ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਅਗਲੇ ਪੂਰਾ ਹਫ਼ਤਾ ਗਰਮੀ ਲੋਕਾਂ ਦੇ ਵੱਟ ਕੱਢ ਸਕਦੀ ਹੈ। 11 ਅਤੇ 12 ਜੂਨ ਨੂੰ ਭਾਵੇਂ ਤਾਪਮਾਨ ਡਿੱਗ ਸਕਦਾ ਹੈ ਪਰ ਫਿਰ 15 ਜੂਨ ਤੱਕ ਕੋਈ ਵੀ ਵੱਡੀ ਰਾਹਤ ਮਿਲਣ ਦੀ ਆਸ ਨਹੀਂ। ਅਗਲੇ ਦੋ ਦਿਨਾਂ ਤੱਕ ਬੱਦਲਵਾਈ ਹੋਣ ਕਾਰਨ ਗਰਮੀ ਤੋਂ ਹਲਕਾ ਛੁਟਕਾਰਾ ਮਿਲ ਸਕਦਾ ਹੈ।ਵੇਰਵਿਆਂ ਅਨੁਸਾਰ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਫਿਰ ਤੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਪਟਿਆਲਾ 44.08 ਡਿਗਰੀ ਤਾਪਮਾਨ ਨਾਲ ਸਭ ਤੋਂ ਵੱਧ ਗਰਮ ਰਿਹਾ, ਉਸ ਤੋਂ ਬਾਅਦ ਲੁਧਿਆਣਾ ਵਿੱਚ 44.06 ਤਾਪਮਾਨ ਅਤੇ ਬਠਿੰਡਾ 44.05 ਡਿਗਰੀ ਤਾਮਪਾਨ ਨਾਲ ਗਰਮ ਰਿਹਾ। ਆਉਣ ਵਾਲੇ ਦਿਨਾਂ ’ਚ ਬਠਿੰਡਾ ਵਿੱਚ 46.5 ਡਿਗਰੀ ਸੈਲਸੀਅਸ ਤਾਪਮਾਨ ਰਹਿਣ ਦੀ ਸੂਚਨਾ ਮਿਲੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਤਾਪਮਾਨ 45.2 ਡਿਗਰੀ, ਜਦੋਂਕਿ ਬਾਕੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 44.3 ਡਿਗਰੀ ਤੋਂ ਉਪਰ ਰਹਿਣ ਦੇ ਵੇਰਵੇ ਹਾਸਲ ਹੋਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਮਈ ਤੋਂ ਬਾਅਦ ਜੂਨ ਮਹੀਨੇ ਵਿੱਚ ਪਹਿਲੇ ਪੰਦਰਵਾੜੇ ਦੌਰਾਨ ਗਰਮੀ ਦਾ ਕਹਿਰ ਲਗਾਤਾਰ ਜਾਰੀ ਰਹਿਣ ਦੀ ਉਮੀਦ ਹੈ।